ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਜੋ ਕਿ ਰਾਜ ਵਿੱਚ ਉੱਚ ਅਹੁਦੇ ‘ਤੇ ਰਹਿਣ ਵਾਲੇ ਪਹਿਲੇ ਦਲਿਤ ਬਣ ਗਏ। ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਨੇ ਵੀ ਸਹੁੰ ਚੁੱਕੀ। ਉਨ੍ਹਾਂ ਨੂੰ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਜਾਵੇਗਾ। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਰਾਜ ਭਵਨ ਵਿੱਚ ਹੋਏ ਇੱਕ ਸਮਾਰੋਹ ਵਿੱਚ 58 ਸਾਲਾ ਚੰਨੀ ਨੂੰ ਸਹੁੰ ਚੁਕਾਈ। ਚੰਨੀ ਨੇ ਪੰਜਾਬੀ ਭਾਸ਼ਾ ਵਿੱਚ ਸਹੁੰ ਚੁੱਕੀ।
ਪੰਜਾਬ ਦੇ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਅੱਜ ਕੈਬਨਿਟ ਦੀ ਇੱਕ ਗੈਰ-ਰਸਮੀ ਮੀਟਿੰਗ ਹੋਈ। ਹੁਣ ਰਾਤ 8 ਵਜੇ ਰਸਮੀ ਮੀਟਿੰਗ ਹੋਵੇਗੀ, ਜਿਸ ਵਿੱਚ ਕਈ ਵੱਡੇ ਐਲਾਨ ਕੀਤੇ ਜਾ ਸਕਦੇ ਹਨ। ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਰੇ ਫੈਸਲੇ ਅੱਜ ਕੈਬਨਿਟ ਮੀਟਿੰਗ ਵਿੱਚ ਲਏ ਜਾਣਗੇ। ਚਾਰ ਵੱਡੇ ਮੁੱਦਿਆਂ ‘ਤੇ ਫੈਸਲਾ ਅੱਜ ਆਵੇਗਾ। ਕੀ ਹੋਵੇਗਾ ਇਸ ਬਾਰੇ ਮੁੱਖ ਮੰਤਰੀ ਜਾਣਕਾਰੀ ਦੇਣਗੇ।
ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣਾ ਕਾਰਜਭਾਰ ਸੰਭਾਲ ਲਿਆ ਗਿਆ ਹੈ। ਉਨ੍ਹਾਂ ਦੇ ਨਾਲ ਦੋ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ. ਪੀ. ਸੋਨੀ ਵੀ ਮੌਜੂਦ ਹਨ। ਦੱਸ ਦੇਈਏ ਕਿ ਮੁੱਖ ਮੰਤਰੀ ਚੰਨੀ ਨੇ ਅੱਜ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਕਿਸੇ ਵੀ ਗਰੀਬ ਦਾ ਪਾਣੀ ਦਾ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ। ਸਾਰੇ ਗਰੀਬਾਂ ਨੂੰ ਮੁਫਤ ਪਾਣੀ ਮਿਲੇਗਾ। ਇਸ ਤੋਂ ਇਲਾਵਾ ਰੇਤ ਮਾਫੀਆ ਬਾਰੇ ਅੱਜ ਹੀ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਦਰਾਂ ਵੀ ਘਟਾਈਆਂ ਜਾਣਗੀਆਂ।