ਖੰਨਾ ਵਿਚ ਦਿਨੋ-ਦਿਨ ਕ੍ਰਾਈਮ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਜਿਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਖੰਨਾ ਵਿਖੇ ਸੰਘਣੀ ਆਬਾਦੀ ਵਾਲੇ ਆਹਲੂਵੀਆ ਇਲਾਕੇ ਵਿੱਚ ਇੱਕ 75 ਸਾਲਾ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਬਜ਼ੁਰਗ ਔਰਤ ਇਕੱਲੀ ਰਹਿੰਦੀ ਸੀ ਅਤੇ ਕੁਝ ਦਿਨਾਂ ਬਾਅਦ ਉਸ ਨੂੰ ਕੈਨੇਡਾ ਜਾਣਾ ਸੀ। ਔਰਤ ਦਾ ਇੱਕ ਪੁੱਤਰ ਕੈਨੇਡਾ ਅਤੇ ਇੱਕ ਪੁੱਤਰ ਖੰਨਾ ਵਿੱਚ ਹੀ ਰਹਿੰਦਾ ਹੈ। ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਗਣਪਤੀ ਤਿਉਹਾਰ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੇਰ ਰਾਤ ਘਰ ਪਰਤੀ ਸੀ। ਜਦੋਂ ਕੰਮ ਵਾਲੀ ਲੜਕੀ ਸਵੇਰੇ ਪਹੁੰਚੀ ਤਾਂ ਉਸ ਨੂੰ ਔਰਤ ਦੀ ਮੌਤ ਬਾਰੇ ਪਤਾ ਲੱਗਾ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਮੌਕੇ ‘ਤੇ ਪਹੁੰਚੇ ਐਸਪੀ ਮਨਪ੍ਰੀਤ ਸਿੰਘ, ਡੀਐਸਪੀ ਰਾਜਨ ਪਰਮਿੰਦਰ ਸਿੰਘ ਦੀ ਟੀਮ ਨੇ ਡੌਗ ਸਕੁਐਡ ਅਤੇ ਫਿੰਗਰ ਪ੍ਰਿੰਟ ਮਾਹਿਰਾਂ ਨੂੰ ਬੁਲਾਇਆ। ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਮਾਰਨ ਤੋਂ ਪਹਿਲਾਂ ਉਸਦੇ ਹੱਥ ਅਤੇ ਪੈਰ ਵੀ ਬੰਨ੍ਹੇ ਹੋਏ ਸਨ। ਐਸਪੀ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।