ਭਾਰਤੀ ਕ੍ਰਿਕਟ ਟੀਮ ਤੇ BCCI ਦੇ ਲਈ UAE ਵਿੱਚ ਹੋਣ ਵਾਲਾ T20 ਵਿਸ਼ਵ ਕੱਪ ਬਹੁਤ ਮਹੱਤਵਪੂਰਨ ਹੈ। ਭਾਰਤੀ ਟੀਮ BCCI ਦੀ ਮੇਜ਼ਬਾਨੀ ਵਿੱਚ ਹੋਣ ਜਾ ਰਹੇ ਇਸ ਵਿਸ਼ਵ ਕੱਪ ਨੂੰ ਹਰ ਹਾਲ ਵਿੱਚ ਜਿੱਤਣਾ ਚਾਹੁੰਦੀ ਹੈ। ਇਥੋਂ ਤੱਕ ਕਿ ਹੁਣ ਸਾਹਮਣੇ ਆ ਗਿਆ ਹੈ ਕਿ ਇਹ ਟੂਰਨਾਮੈਂਟ ਵਿਰਾਟ ਕੋਹਲੀ ਦੀ ਕਪਤਾਨੀ ਲਈ ਇੱਕ ਡੈੱਡਲਾਈਨ ਦੀ ਤਰ੍ਹਾਂ ਹੈ।
ਦਰਅਸਲ, ਇਸ ਸਬੰਧੀ ਇੱਕ ਰਿਪੋਰਟ ਸਾਹਮਣੇ ਆਈ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਇਸ ਮੈਗਾ ਈਵੈਂਟ ਤੋਂ ਬਾਅਦ ਵਿਰਾਟ ਕੋਹਲੀ ਟੀਮ ਦੀ ਕਪਤਾਨੀ ਛੱਡ ਸਕਦੇ ਹਨ। ਰਿਪੋਰਟ ਅਨੁਸਾਰ ਵਿਰਾਟ ਕੋਹਲੀ ਸੀਮਤ ਓਵਰਾਂ ਦੀ ਕਪਤਾਨੀ ਛੱਡਣ ਵਾਲੇ ਹਨ।ਜਿਸ ਤੋਂ ਬਾਅਦ ਰੋਹਿਤ ਸ਼ਰਮਾ ਨੂੰ ਵਨਡੇ ਤੇ ਟੀ-20 ਦੀ ਕਮਾਨ ਮਿਲਣ ਦੀ ਉਮੀਦ ਹੈ। ਸੂਤਰਾਂ ਅਨੁਸਾਰ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਕਪਤਾਨੀ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸੇ ਕਾਰਨ ਵਿਰਾਟ ਕੋਹਲੀ ਬਾਲ ਕ੍ਰਿਕਟ ਵਿੱਚ ਰੋਹਿਤ ਸ਼ਰਮਾ ਨਾਲ ਮਿਲ ਕੇ ਕਪਤਾਨੀ ਕਰ ਰਹੇ ਹਨ।
ਦੱਸ ਦੇਈਏ ਕਿ ਵਿਸ਼ਵ ਕੱਪ ਨੂੰ ਲੈ ਕੇ BCCI ਵੱਲੋਂ ਆਪਣੇ ਇਰਾਦੇ ਪਹਿਲਾਂ ਹੀ ਜ਼ਾਹਿਰ ਕਰ ਦਿੱਤੇ ਗਏ ਹਨ। BCCI ਦਾ ਕਹਿਣਾ ਹੈ ਕਿ ਉਹ ਹਰ ਹਾਲਤ ਵਿੱਚ ਇਹ ਟੂਰਨਾਮੈਂਟ ਜਿੱਤਣਾ ਚਾਹੁੰਦੇ ਹਨ। ਕਿਉਂਕਿ BCCI ਵੱਲੋਂ ਟੀਮ ਦੀ ਚੋਣ ਦੇ ਨਾਲ-ਨਾਲ ਟੀਮ ਦੇ ਸਾਬਕਾ ਕਪਤਾਨ ਧੋਨੀ ਨੂੰ ਮੈਂਟਰ ਦੇ ਰੂਪ ਵਿੱਚ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੋਹਲੀ ਦੀ ਕਪਤਾਨੀ ਵਿੱਚ ਟੀਮ ਇੰਡੀਆ 2017 ਚੈਂਪੀਅਨਜ਼ ਟਰਾਫੀ, 2019 ਵਨਡੇ ਵਿਸ਼ਵ ਕੱਪ ਅਤੇ 2021 ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਉਤਰੇ, ਪਰ ਭਾਰਤ ਇੱਕ ਵੀ ਖਿਤਾਬ ਨਹੀਂ ਜਿੱਤ ਸਕਿਆ। ਅਜਿਹੇ ਵਿੱਚ ਧੋਨੀ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ ਤਾਂ ਜੋ ਟੀਮ ਨੂੰ ਉਨ੍ਹਾਂ ਦੀ ਮਦਦ ਮਿਲ ਸਕੇ।