Site icon SMZ NEWS

ਮੁੜ ਕਿਸਾਨਾਂ ਦੇ ਹੱਕ ‘ਚ ਆਏ BJP ਸੰਸਦ ਮੈਂਬਰ ਵਰੁਣ ਗਾਂਧੀ, ਕਿਸਾਨਾਂ ਦੀਆਂ ਮੰਗਾਂ ਸਬੰਧੀ CM ਯੋਗੀ ਨੂੰ ਲਿਖੀ ਚਿੱਠੀ

ਮੁਜੱਫਰਨਗਰ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਦਾ ਸਮਰਥਨ ਕਰਨ ਵਾਲੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਮੁੜ ਕਿਸਾਨਾਂ ਦਾ ਸਮਰਥਨ ਕੀਤਾ ਹੈ। ਵਰੁਣ ਗਾਂਧੀ ਨੇ ਕਿਸਾਨਾਂ ਦੇ ਹਿੱਤ ਵਿੱਚ ਕੰਮ ਕਰਨ ਲਈ ਉੱਤਰ ਪ੍ਰਦੇਸ਼ ਦੇ ਸੀਐੱਮ ਯੋਗੀ ਆਦਿਤਿਆਨਾਥ ਨੂੰ ਇੱਕ ਚਿੱਠੀ ਲਿਖੀ ਹੈ।

ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਸੀਐੱਮ ਯੋਗੀ ਨੂੰ ਚਿੱਠੀ ਲਿਖ ਕੇ ਗੰਨੇ ਦੀਆਂ ਕੀਮਤਾਂ ’ਚ ਵਾਧਾ ਕਰਨ, ਕਣਕ ਅਤੇ ਝੋਨੇ ਦੀ ਸਰਕਾਰੀ ਖਰੀਦ ’ਤੇ ਬੋਨਸ ਦੇਣ, ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਰਾਸ਼ੀ ਦੁੱਗਣੀ ਕਰਨ ਅਤੇ ਡੀਜ਼ਲ ’ਤੇ ਸਬਸਿਡੀ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਇਸ ਚਿੱਠੀ ਤੋਂ ਬਾਅਦ ਸਿਆਸਤ ਵਿੱਚ ਹਲਚਲ ਮੱਚ ਗਈ ਹੈ।ਦਰਅਸਲ, ਵਰੁਣ ਗਾਂਧੀ ਨੇ ਸੀਐੱਮ ਯੋਗੀ ਨੂੰ ਲਿਖੀ ਦੋ ਪੰਨਿਆਂ ਦੀ ਚਿੱਠੀ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੀਆਂ ਮੰਗਾਂ ਦਾ ਜ਼ਿਕਰ ਕੀਤਾ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕੁਝ ਸੁਝਾਅ ਵੀ ਦਿੱਤੇ ਹਨ। ਵਰੁਣ ਗਾਂਧੀ ਨੇ ਇਸ ਚਿੱਠੀ ਦੀ ਕਾਪੀ ਨੂੰ ਟਵਿੱਟਰ ’ਤੇ ਵੀ ਸਾਂਝਾ ਕੀਤਾ ਹੈ।

Varun Gandhi writes to UP CM

ਉਨ੍ਹਾਂ ਨੇ ਟਵਿੱਟਰ ‘ਤੇ ਇਸ ਚਿੱਠੀ ਨੂੰ ਸਾਂਝਾ ਕਰਦਿਆਂ ਲਿਖਿਆ ਕਿ ਕਿਸਾਨਾਂ ਦੀਆਂ ਬੁਨਿਆਦੀ ਸਮੱਸਿਆਵਾਂ ਵੱਲ ਧਿਆਨ ਦਿਵਾਉਂਦੀ ਮੇਰੀ ਇਹ ਚਿੱਠੀ ਮਾਣਯੋਗ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ ਦੇ ਨਾਮ, ਉਮੀਦ ਹੈ ਕਿ ਕਿਸਾਨਾਂ ਦੀ ਗੱਲ ਜ਼ਰੂਰ ਸੁਣੀ ਜਾਵੇਗੀ ।

ਦੱਸ ਦੇਈਏ ਕਿ ਚਿੱਠੀ ਵਿੱਚ ਵਰੁਣ ਗਾਂਧੀ ਨੇ ਗੰਨੇ ਦੀ ਕੀਮਤ 400 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਸੁਝਾਅ ਦਿੱਤਾ ਹੈ। ਮੌਜੂਦਾ ਸਮੇਂ ਵਿੱਚ ਉੱਤਰ ਪ੍ਰਦੇਸ਼ ਵਿੱਚ ਇਸ ਦੀ ਕੀਮਤ 315 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੀ ਸਰਕਾਰੀ ਖਰੀਦ ’ਤੇ ਘੱਟੋ-ਘੱਟ ਸਮਰਥਨ ਮੁੱਲ ਤੋਂ 200 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਵਾਧੂ ਬੋਨਸ ਦਿੱਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ ਦਿੱਤੀ ਜਾ ਰਹੀ ਮਦਦ ਦੁੱਗਣੀ ਕਰ ਕੇ 12 ਹਜ਼ਾਰ ਰੁਪਏ ਪ੍ਰਤੀ ਸਾਲ ਕੀਤੀ ਜਾਣੀ ਚਾਹੀਦੀ ਹੈ, ਜਿਸ ਵਿੱਚ ਰਾਜ ਸਰਕਾਰ ਆਪਣੇ ਖੁਦ ਦੇ ਧਨ ਵਿੱਚੋਂ 6 ਹਜ਼ਾਰ ਰੁਪਏ ਦਾ ਯੋਗਦਾਨ ਕਰਦੀ ਹੈ ।

ਇਸ ਤੋਂ ਇਲਾਵਾ ਵਰੁਣ ਗਾਂਧੀ ਨੇ ਬਿਜਲੀ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਕਿਸਾਨਾਂ ਦੀ ਚਿੰਤਾ ਨੂੰ ਸਾਂਝਾ ਕਰਦੇ ਹੋਏ ਚਿੱਠੀ ਵਿੱਚ ਕਿਹਾ ਕਿ ਕਿਸਾਨਾਂ ਨੂੰ ਡੀਜ਼ਲ ’ਤੇ 20 ਰੁਪਏ ਪ੍ਰਤੀ ਲੀਟਰ ਦੀ ਸਬਸਿਡੀ ਦੇਣ ਅਤੇ ਬਿਜਲੀ ਦੀਆਂ ਦਰਾਂ ਵਿੱਚ ਤੁਰੰਤ ਪ੍ਰਭਾਵ ਨਾਲ ਕਟੌਤੀ ਕਰਨ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਇਸ ਮਹੀਨੇ ਦੀ 5 ਤਾਰੀਖ ਨੂੰ ਵੱਡੀ ਗਿਣਤੀ ਵਿੱਚ ਮੁਜ਼ੱਫਰਨਗਰ ਵਿੱਚ ਬੁਲਾਈ ਗਈ ਮਹਾਪੰਚਾਇਤ ਦਾ ਸਮਰਥਨ ਕਰਦਿਆਂ ਵਰੁਣ ਗਾਂਧੀ ਨੇ ਕਿਹਾ ਸੀ ਕਿ ਕਿਸਾਨ ਆਪਣੇ ਹੀ ਲੋਕ ਹਨ ਅਤੇ ਸਰਕਾਰ ਨੂੰ ਉਨ੍ਹਾਂ ਦੀ ਗੱਲ ਜਰੂਰ ਸੁਣਨੀ ਚਾਹੀਦੀ ਹੈ।

Exit mobile version