ਹਰਿਆਣਾ ਦੇ ਕਰਨਾਲ ਵਿੱਚ ਮੰਗਲਵਾਰ ਨੂੰ ਕਿਸਾਨਾਂ ਅਤੇ ਸਰਕਾਰ ਦੇ ਵਿੱਚ ਇੱਕ ਵਾਰ ਫਿਰ ਟਕਰਾਅ ਹੋਇਆ ਹੈ। ਸਰਕਾਰ / ਪ੍ਰਸ਼ਾਸਨ ਨੇ ਕਿਸਾਨਾਂ ਦੀ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਹਜ਼ਾਰਾਂ ਕਿਸਾਨ ਸਕੱਤਰੇਤ ਦੇ ਬਾਹਰ ਧਰਨੇ ‘ਤੇ ਬੈਠ ਗਏ।

ਕਿਸਾਨਾਂ ਨੇ ਪੂਰੀ ਰਾਤ ਸਕੱਤਰੇਤ ਦੇ ਬਾਹਰ ਸੜਕ ‘ਤੇ ਬੈਠ ਕੇ ਹੀ ਬਿਤਾਈ ਹੈ। ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਮੰਗਾਂ ਨਾ ਮੰਨੀਆਂ ਜਾਣ ਤੱਕ ਕਰਨਾਲ ‘ਚ ਵੀ ਪੱਕਾ ਮੋਰਚਾ ਲਗਾ ਦਿੱਤਾ ਹੈ। ਹਾਲਾਂਕਿ ਜੀਂਦ ਵਿੱਚ ਕਿਸਾਨਾਂ ਨੇ ਬੁੱਧਵਾਰ ਸਵੇਰੇ ਹਾਈਵੇ ਖੋਲ੍ਹ ਦਿੱਤਾ ਹੈ। ਜੀਂਦ-ਚੰਡੀਗੜ੍ਹ, ਜੀਂਦ-ਕਰਨਾਲ, ਜੀਂਦ-ਦਿੱਲੀ ਰਾਜਮਾਰਗ ਕਿਸਾਨਾਂ ਦੁਆਰਾ ਖੋਲ੍ਹ ਦਿੱਤੇ ਗਏ ਹਨ, ਪਹਿਲਾਂ ਇੱਥੇ ਵੀ ਜਾਮ ਲਗਾਇਆ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕਰਨਾਲ ਤੋਂ ਕੋਈ ਆਦੇਸ਼ ਆਉਂਦਾ ਹੈ ਤਾਂ ਉਹ ਦੁਬਾਰਾ ਸੜਕਾਂ ਜਾਮ ਕਰ ਦੇਣਗੇ। ਫਿਲਹਾਲ ਟ੍ਰੈਫਿਕ ਵਿਵਸਥਾ ਨੂੰ ਠੀਕ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਕਿਸਾਨਾਂ ਨੇ ਕੁੱਝ ਦਿਨ ਪਹਿਲਾ ਕਰਨਾਲ ਵਿੱਚ ਹੋਏ ਲਾਠੀਚਾਰਜ ਦੇ ਵਿਰੁੱਧ ਮੰਗਲਵਾਰ ਨੂੰ ਇਹ ਪ੍ਰਦਰਸ਼ਨ ਕੀਤਾ ਹੈ। ਕਿਸਾਨਾਂ ਦੀ ਮੰਗ ਹੈ ਕਿ ਲਾਠੀਚਾਰਜ ਵਿੱਚ ਸ਼ਹੀਦ ਹੋਏ ਕਿਸਾਨ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਐਸਡੀਐਮ ਉੱਤੇ ਕਤਲ ਦੇ ਲਈ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ, ਪਰ ਸਰਕਾਰ ਨੇ ਇਸਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
Comment here