ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਮਹਾਪੰਚਾਇਤ ਰੱਖਣ ਤੋਂ ਬਾਅਦ, ਕਿਸਾਨ ਜਥੇਬੰਦੀਆਂ ਨੇ ਹੁਣ ਹਰਿਆਣੇ ਦਾ ਰੁਖ ਕੀਤਾ ਹੈ। ਮੰਗਲਵਾਰ ਨੂੰ ਹਰਿਆਣਾ ਦੇ ਕਰਨਾਲ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਚੱਲ ਰਹੀ ਹੈ। ਪਰ ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਇੰਟਰਨੈਟ ਬੰਦ ਕਰ ਧਾਰਾ 144 ਲਗਾ ਦਿੱਤੀ ਹੈ।
ਇਸ ਦੌਰਾਨ ਕਿਸਾਨਾਂ ਅਤੇ ਹਰਿਆਣਾ ਸਰਕਾਰ ਵਿਚਕਾਰ ਹੋਈ ਮੀਟਿੰਗ ਵੀ ਬੇਸਿੱਟਾ ਰਹੀ ਹੈ। ਹੁਣ ਇਸ ਦੌਰਾਨ ਕਿਸਾਨਾਂ ਨੇ ਕਰਨਾਲ ਮਿੰਨੀ ਸਕੱਤਰੇਤ ਵੱਲ ਨੂੰ ਕੂਚ ਸ਼ੁਰੂ ਕਰ ਦਿੱਤਾ ਹੈ। ਇਹ ਕੂਚ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਕੀਤਾ ਜਾ ਰਿਹਾ ਹੈ। ਪਰ ਇਸ ਦੌਰਾਨ ਕਰਨਾਲ ਵਿੱਚ ਸਥਿੱਤੀ ਕਾਫੀ ਤਣਾਅ ਪੂਰਨ ਬਣ ਗਈ ਹੈ। ਇਸ ਤੋਂ ਇਲਾਵਾ ਪੁਲਿਸ ਨੇ ਕਈ ਵੱਡੇ ਕਿਸਾਨ ਲੀਡਰਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ। ਜਾਣਕਾਰੀ ਸਾਹਮਣੇ ਆਈ ਸੀ ਕਿ ਪੁਲਿਸ ਨੇ ਯੋਗਿੰਦਰ ਯਾਦਵ, ਰਾਕੇਸ਼ ਟਿਕੈਤ ਸਣੇ ਕਈ ਹੋਰ ਕਿਸਾਨ ਆਗੂਆਂ ਨੂੰ ਹਿਰਾਸਤ ‘ਚ ਲਿਆ ਸੀ।
ਹਾਂਲਾਕਿ ਕੁੱਝ ਦੇਰ ਬਾਅਦ ਹੀ ਪੁਲਿਸ ਨੇ ਕਿਸਾਨਾਂ ਦੇ ਦਬਾਅ ਅੱਗੇ ਝੁਕਦੇ ਹੋਏ ਕੁਝ ਦੂਰੀ ਉਤੇ ਲਿਜਾ ਕੇ ਉਨ੍ਹਾਂ ਨੂੰ ਛੱਡ ਦਿੱਤਾ ਹੈ ਅਤੇ ਸਾਰੇ ਆਗੂ ਹੁਣ ਕਿਸਾਨਾਂ ਨਾਲ ਅੱਗੇ ਵੱਧ ਰਹੇ ਹਨ। ਉੱਥੇ ਹੀ ਇਸ ਸਬੰਧੀ ਰਾਕੇਸ਼ ਟਿਕੈਤ ਨੇ ਵੀ ਟਵੀਟ ਕਰ ਜਾਣਕਾਰੀ ਸਾਂਝੀ ਕੀਤੀ ਹੈ। ਟਿਕੈਤ ਨੇ ਵੀ ਟਵੀਟ ਕਰ ਕਿਹਾ, “ਕਿਸਾਨਾਂ ਦੇ ਭਾਰੀ ਦਬਾਅ ਅਤੇ ਪ੍ਰਦਰਸ਼ਨ ਕਾਰਨ ਪੁਲਿਸ ਨੇ ਸਾਰੇ ਸਾਥੀਆਂ ਨੂੰ ਬੱਸਾਂ ਤੋਂ ਉਤਾਰ ਦਿੱਤਾ ਹੈ। ਅਸੀਂ ਸਾਰੇ ਪੈਦਲ ਅੱਗੇ ਵੱਧ ਰਹੇ ਹਾਂ।”
ਦਰਅਸਲ ਇਹ ਮਹਾਪੰਚਾਇਤ ਕੁੱਝ ਦਿਨ ਪਹਿਲਾ ਕਰਨਾਲ ‘ਚ ਕਿਸਾਨਾਂ ‘ਤੇ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਦੇ ਵਿੱਚ ਰੱਖੀ ਗਈ ਹੈ। ਕਿਸਾਨ ਆਗੂ ਐਸਡੀਐਮ ਆਯੂਸ਼ ਸਿਨਹਾ ਨੂੰ ਮੁਅੱਤਲ ਕਰਕੇ ਕਾਰਵਾਈ ਦੀ ਮੰਗ ਕਰ ਰਹੇ ਸਨ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਹੁਣ ਕਿਸਾਨਾਂ ਦਾ ਇੱਕ ਵੱਡਾ ਕਾਫਲਾ ਕਰਨਾਲ ਮਿੰਨੀ ਸਕੱਤਰੇਤ ਵੱਲ ਨੂੰ ਕੂਚ ਕਰ ਰਿਹਾ ਹੈ।