Site icon SMZ NEWS

ਸਿੱਖ ਇਤਿਹਾਸ ਨਾਲ ਜੁੜਿਆ ਸ਼ਹਿਰ ਬਟਾਲਾ- ਕੈਬਨਿਟ ਮੰਤਰੀਆਂ ਨੇ ਜ਼ਿਲ੍ਹਾ ਬਣਾਉਣ ਦੀ ਕੀਤੀ ਮੰਗ, CM ਨੂੰ ਲਿਖੀ ਚਿੱਠੀ

ਪੰਜਾਬ ਦੇ ਦੋ ਸੀਨੀਅਰ ਮੰਤਰੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਤਿਹਾਸਕ ਤੇ ਵਿਰਾਸਤੀ ਸ਼ਹਿਰ ਬਟਾਲਾ ਨੂੰ ਸੂਬੇ ਦਾ ਚੌਵੀਵਾਂ ਜ਼ਿਲਾ ਬਣਾਉਣ ਦੀ ਮੰਗ ਕੀਤੀ, ਤਾਂ ਕਿ ਇਸ ਅਹਿਮ ਸ਼ਹਿਰ ਦਾ ਢੁਕਵਾਂ ਵਿਕਾਸ ਹੋ ਸਕੇ।

Cabinet Ministers Demand
Cabinet Ministers Demand

ਦੋਹਾਂ ਕੈਬਨਿਟ ਮੰਤਰੀਆਂ ਨੇ ਇਹ ਵੀ ਮੰਗ ਕੀਤੀ ਕਿ ਇਸ ਦੇ ਨਾਲ ਹੀ ਇਤਿਹਾਸਕ ਕਸਬਿਆਂ ਫਤਹਿਗੜ੍ਹ ਚੂੜੀਆਂ ਅਤੇ ਸ੍ਰੀ ਹਰਗੋਬਿੰਦਪੁਰ ਜਾਂ ਘੁਮਾਣ ਨੂੰ ਇਸ ਨਵੇਂ ਜ਼ਿਲੇ ਦੀਆਂ ਨਵੀਆਂ ਸਬ-ਡਿਵੀਜਨਾਂ ਬਣਾਈਆਂ ਜਾਣ।

ਮੁੱਖ ਮੰਤਰੀ ਨੂੰ ਇਸ ਸਬੰਧ ਵਿਚ ਲਿਖੇ ਇੱਕ ਪੱਤਰ ਵਿਚ ਦੋਹਾਂ ਮੰਤਰੀਆਂ ਨੇ ਕਿਹਾ ਹੈ ਕਿ ਬਟਾਲਾ ਪੰਜਾਬ ਦਾ ਉਹ ਅਹਿਮ ਸ਼ਹਿਰ ਹੈ ਜਿਸ ਨਾਲ ਸਾਡੀ ਅਮੀਰ ਇਤਿਹਾਸਕ, ਧਾਰਮਿਕ, ਸਮਾਜਿਕ ਅਤੇ ਸਾਹਿਤਕ ਵਿਰਾਸਤ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਤੋਂ ਬਾਅਦ ਬਟਾਲਾ ਪੰਜਾਬ ਦਾ ਸਭ ਤੋਂ ਪੁਰਾਣਾ ਸ਼ਹਿਰ ਹੈ ਜਿਸ ਦੀ ਨੀਂਹ 1465 ਵਿਚ ਰੱਖੀ ਗਈ ਸੀ। ਆਬਾਦੀ ਪੱਖੋਂ ਵੀ ਇਹ ਪੰਜਾਬ ਦਾ ਅੱਠਵਾਂ ਸਭ ਤੋਂ ਵੱਡਾ ਸ਼ਹਿਰ ਹੈ ਜਿੱਥੇ ਪਿਛਲੇ ਸਾਲ ਨਗਰ ਨਿਗਮ ਵੀ ਬਣਾਈ ਗਈ ਹੈ। ਸ. ਬਾਜਵਾ ਤੇ ਸ. ਰੰਧਾਵਾ ਨੇ ਇਸ ਅਹਿਮ ਮਾਮਲੇ ਉੱਤੇ ਵਿਚਾਰ-ਵਟਾਂਦਰਾ ਕਰਨ ਲਈ ਮੁੱਖ ਮੰਤਰੀ ਤੋਂ ਸਮਾਂ ਵੀ ਮੰਗਿਆ ਹੈ।

Cabinet Ministers Demand
Cabinet Ministers Demand

ਬਟਾਲਾ ਸ਼ਹਿਰ ਦੇ ਇਤਿਹਾਸਕ ਵਿਰਸੇ ਬਾਰੇ ਉਨ੍ਹਾਂ ਕਿਹਾ, ”ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਇਸੇ ਸ਼ਹਿਰ ਵਿਚ ਮਾਤਾ ਸੁਲੱਖਣੀ ਜੀ ਨਾਲ 8 ਜੁਲਾਈ 1487 ਵਿਚ ਹੋਇਆ ਸੀ। ਉਨ੍ਹਾਂ ਦੀ ਯਾਦ ਵਿਚ ਇਥੇ ਗੁਰਦੁਆਰਾ ਡੇਰਾ ਸਾਹਿਬ ਅਤੇ ਗੁਰਦੁਆਰਾ ਕੰਧ ਸਾਹਿਬ ਸੁਸ਼ੋਭਿਤ ਹਨ। ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਵੀ ਬਟਾਲਾ ਹੀ ਆਏ ਸਨ ਅਤੇ ਉਹਨਾਂ ਦੀ ਯਾਦ ਵਿਚ ਸ਼ਹਿਰ ਦੇ ਵਿਚਕਾਰ ਗੁਰਦੁਆਰਾ ਸਤਿ ਕਰਤਾਰੀਆ ਸੁਸ਼ੋਭਿਤ ਹੈ।”

ਕੈਬਨਿਟ ਮੰਤਰੀਆਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਲਾਹੌਰ ਅਤੇ ਅੰਮ੍ਰਿਤਸਰ ਤੋਂ ਬਾਅਦ ਬਟਾਲਾ ਸਿੱਖ ਰਾਜ ਦਾ ਇੱਕ ਅਹਿਮ ਸ਼ਹਿਰ ਸੀ। ਇਸ ਰਾਜ ਵੇਲੇ ਦੀਆਂ ਵਿਰਾਸਤੀ ਇਮਾਰਤਾਂ ਅੱਜ ਵੀ ਮੌਜੂਦ ਹਨ ਜਿਨ੍ਹਾਂ ਵਿਚੋਂ ਮਹਾਰਾਜਾ ਸ਼ੇਰ ਸਿੰਘ ਦਾ ਮਹੱਲ ਅਤੇ ਜਲ ਮਹੱਲ (ਬਾਰਾਂਦਰੀ) ਵਿਸ਼ੇਸ਼ ਹਨ।

Cabinet Ministers Demand

ਉਨ੍ਹਾਂ ਕਿਹਾ ਕਿ ਇਤਿਹਾਸਕ ਕਾਲੀ ਦਵਾਰਾ ਮੰਦਰ ਅਤੇ ਸਤੀ ਲਕਸ਼ਮੀ ਦੇਵੀ ਸਮਾਧ ਤੋਂ ਬਿਨਾਂ ਇਸ ਸ਼ਹਿਰ ਦੇ ਨਜ਼ਦੀਕ ਹੀ ਅੱਚਲ ਸਾਹਿਬ ਦਾ ਉਹ ਇਤਿਹਾਸਕ ਅਸਥਾਨ ਹੈ ਜਿੱਥੇ ਭਗਵਾਨ ਸ਼ਿਵ ਜੀ ਦੇ ਪੁੱਤਰ ਦੇਵਤਾ ਕਾਰਤਿਕ ਦੀ ਯਾਦ ਵਿਚ ਅਚਲੇਸ਼ਵਰ ਧਾਮ ਸੁਸ਼ੋਭਿਤ ਹੈ। ਅੱਚਲ ਸਾਹਿਬ ਜੀ ਦੇ ਅਸਥਾਨ ਉੱਤੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਗੋਸ਼ਟ ਕੀਤੀ ਸੀ।

ਕੈਬਨਿਟ ਮੰਤਰੀਆਂ ਨੇ ਕਿਹਾ, ”ਸੱਭਿਆਚਾਰਕ ਅਤੇ ਸਾਹਿਤਕ ਪੱਖ ਤੋਂ ਵੇਖਿਆ ਜਾਵੇ ਤਾਂ ਦੁਨੀਆਂ ਭਰ ਵਿਚ ਵਸਦਾ ਕੋਈ ਪੰਜਾਬੀ ਅਜਿਹਾ ਨਹੀਂ ਹੋਣਾ ਜਿਸ ਨੇ ਮਹਾਨ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਦਾ ਨਾਂ ਨਾ ਸੁਣਿਆ ਹੋਵੇ। ਦੁਨੀਆ ਭਰ ਵਿਚ ਬਟਾਲੇ ਦਾ ਨਾਂ ਮਸ਼ਹੂਰ ਕਰਨ ਵਾਲੇ ਅਤੇ ਜੋਬਨ ਰੁੱਤੇ ਤੁਰ ਜਾਣ ਵਾਲੇ ਇਸ ਕਵੀ ਨੂੰ ਸਾਹਿਤਕ ਖੇਤਰ ਵਿਚ ਬਿਰਹਾ ਦੇ ਕਵੀ ਅਤੇ ਪੰਜਾਬੀ ਦੇ ਕੀਟਸ ਵਜੋਂ ਜਾਣਿਆ ਜਾਂਦਾ ਹੈ।”

Exit mobile version