ਜ਼ਿਲਾ ਮੋਹਾਲੀ ਨੇ ਅੱਜ ਆਪਣੀ ਕੁੱਲ ਬਾਲਗ ਆਬਾਦੀ ਤੋਂ ਵੱਧ 26 ਹਜ਼ਾਰ ਹੋਰ ਲੋਕਾਂ ਨੂੰ ਕੋਵਿਡ -19 ਟੀਕੇ ਦੀ ਪਹਿਲੀ ਖੁਰਾਕ ਲਗਾ ਕੇ ਇਤਿਹਾਸ ਰਚ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਵਿੱਚ ਸ਼ਾਮਲ ਕੀਤੇ ਜਨਸੰਖਿਆ ਵਾਧੇ ਮੁਤਾਬਕ ਐਸ.ਏ.ਐਸ ਨਗਰ ਦੀ ਕੁੱਲ ਬਾਲਗ ਆਬਾਦੀ 7,46,119 ਹੈ । ਜ਼ਿਲ੍ਹੇ ਨੇ ਮੰਗਲਵਾਰ ਨੂੰ ਇੰਨੀ ਗਿਣਤੀ ਦੇ ਲੋਕਾਂ ਦਾ ਟੀਕਾਕਰਣ ਪੂਰਾ ਕੀਤਾ ਅਤੇ 2 ਸਤੰਬਰ ਤੱਕ ਸਫਲਤਾਪੂਰਵਕ 7,73,442 ਲੋਕਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਦਿੱਤੀ, ਜਿਸ ਨਾਲ ਟੀਕਾ ਲਗਵਾਉਣ ਵਾਲੇ ਲੋਕਾਂ ਦੀ ਫੀਸਦੀ 103.66 ਹੋ ਗਈ ।
ਇਸ ਟੀਕਾਕਰਣ ਵਿੱਚ ਉਹ ਡਾਟਾ ਸ਼ਾਮਲ ਹੈ ਜੋ ਕੋਵਿਨ ਅਤੇ ਕੋਵਾ ਐਪ ’ਤੇ ਅਪਲੋਡ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਵਲੋਂ ਡਾਟਾ ਨੂੰ ਮਾਈਗਰੇਟ ਕਰਨ ਦੀ ਪ੍ਰਕਿਰਿਆ ਚਲਾਈ ਜਾਰੀ ਹੈ ਅਤੇ ਕੋਵਾ ਐਪ ਤੋਂ ਕੋਵਿਨ ਵਿੱਚ ਪੂਰਾ ਡਾਟਾ ਮਾਈਗ੍ਰੇਟ ਹੋ ਜਾਣ ਤੋਂ ਬਾਅਦ ਇਹ ਅੰਕੜੇ ਕੋਵਿਨ ਨੂੰ ਵਰਤਣ ਵਾਲੇ ਕਿਸੇ ਵੀ ਵਿਅਕਤੀ ਲਈ ਉਪਲਬਧ ਹੋ ਜਾਣਗੇ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁਹਾਲੀ ਨੇ ਇੱਕ ਤਰ੍ਹਾਂ ਦਾ ਰਿਕਾਰਡ ਬਣਾਇਆ ਹੈ ਕਿਉਂ ਜੋ ਇਹ ਰਾਜ ਦਾ ਪਹਿਲਾ ਜਿਲਾ ਹੈ ਜਿਸਨੇ ਕੁੱਲ ਆਬਾਦੀ ਤੋਂ ਵੱਧ ਲੋਕਾਂ ਨੂੰ ਟੀਕਾਕਰਣ ਕੀਤਾ ਹੈ ਅਤੇ ਉਨਾਂ ਨੇ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ ਅਤੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਜਿੰਨਾ ਇਹ ਕਾਰਨਾਮਾ ਸੰਭਵ ਕੀਤਾ। ਸਿਹਤ ਮੰਤਰੀ ਨੇ ਕਿਹਾ, “ਉਨਾਂ ਸਾਰੇ ਲੋਕਾਂ ਨੂੰ ਵਧਾਈ ਜਿਨ੍ਹਾਂ ਨੇ ਇਸ ਮੁਹਿੰਮ ਨੂੰ ਸਫਲ ਬਣਾਇਆ। ਉਨ੍ਹਾਂ ਕਿਹਾ ਕਿ ਇੰਦੌਰ ਤੋਂ ਬਾਅਦ ਪੂਰੇ ਦੇਸ਼ ਵਿੱਚ ਅਜਿਹਾ ਮਾਣ ਹਾਸਲ ਕਰਨ ਵਾਲਾ ਮੋਹਾਲੀ ਦੂਜਾ ਸ਼ਹਿਰ ਹੈ।
ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ “ਸਾਨੂੰ ਮਾਣ ਹੈ ਕਿ ਅਸੀਂ ਜ਼ਿਲੇ ਦੀ ਬਹੁ-ਗਿਣਤੀ ਆਬਾਦੀ ਅਤੇ ਟ੍ਰਾਈਸਿਟੀ ਨਾਲ ਸਬੰਧਤ ਲੋਕਾਂ ਦਾ ਟੀਕਾਕਰਣ ਕੀਤਾ । ਕੋਵਿਡ ਵਿਰੁੱਧ ਸਫਲ ਲੜਾਈ ਦਾ ਟੀਚਾ ਸਰ ਕਰਦੇ ਹੋਏ ਅਸੀਂ ਉਨ੍ਹਾਂ ਸਾਰੇ ਯੋਗ ਵਿਅਕਤੀਆਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਜੋ ਸਾਡੇ ਟੀਕਾਕਰਣ ਕੇਂਦਰਾਂ ‘ਤੇ ਪਹੁੰਚੇ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਣ ਲਈ ਅਸੀਂ ਕੋਵਿਡ ਦੀ ਦੂਜੀ ਖੁਰਾਕ ਦਾ ਟੀਕਾਕਰਣ ਵੀ ਇਸੇ ਉਤਸ਼ਾਹ ਨਾਲ ਅਮਲ ਵਿੱਚ ਲਿਆਵਾਂਗੇ ।