ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਦੀ ਪੈਰਾ ਸ਼ੂਟਰ ਅਵਨੀ ਲੇਖਾਰਾ ਨੇ ਇਤਿਹਾਸ ਰਚ ਦਿੱਤਾ ਹੈ । ਅਵਨੀ ਨੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਸਟੈਂਡਿੰਗ SH 1 ਈਵੈਂਟ ਵਿੱਚ ਨਵਾਂ ਪੈਰਾਲੰਪਿਕ ਰਿਕਾਰਡ ਬਣਾਉਂਦੇ ਹੋਏ ਗੋਲਡ ‘ਤੇ ਨਿਸ਼ਾਨਾ ਸਾਧਿਆ ਹੈ।
ਅਵਨੀ ਨੇ ਕੁੱਲ 249.6 ਦਾ ਸਕੋਰ ਬਣਾਇਆ ਜੋ ਕਿ ਪੈਰਾਲੰਪਿਕ ਖੇਡਾਂ ਦਾ ਨਵਾਂ ਰਿਕਾਰਡ ਹੈ । ਚੀਨ ਦੇ ਸੀ ਝਾਂਗ (248.9 ਅੰਕ) ਨੇ ਇਸ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਜਦੋਂ ਕਿ ਯੂਕਰੇਨ ਦੀ ਇਰੀਨਾ ਸਖੇਤਨਿਕ (227.5 ਅੰਕ) ਨੇ ਕਾਂਸੀ ਦਾ ਤਗਮਾ ਜਿੱਤਿਆ । ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਇਹ ਭਾਰਤ ਦਾ ਪਹਿਲਾ ਸੋਨ ਤਗਮਾ ਹੈ, ਇਸ ਤੋਂ ਪਹਿਲਾਂ ਭਾਰਤੀ ਅਥਲੀਟਾਂ ਨੇ ਕੱਲ੍ਹ ਦੋ ਚਾਂਦੀ ਦੇ ਤਗਮੇ ਜਿੱਤੇ ਸਨ ।
ਦਰਅਸਲ, ਅਵਨੀ ਇਸ ਈਵੈਂਟ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਸੱਤਵੇਂ ਸਥਾਨ ‘ਤੇ ਰਹੀ ਸੀ । ਉਸ ਨੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸੋਨ ਤਗਮਾ ਜਿੱਤਿਆ। ਇਸਦੇ ਨਾਲ ਹੀ ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਦਾ ਇਹ ਤੀਜਾ ਤਗਮਾ ਹੈ। ਇਸ ਤੋਂ ਪਹਿਲਾਂ ਨਿਸ਼ਾਦ ਕੁਮਾਰ ਨੇ ਉੱਚੀ ਛਾਲ ਵਿੱਚ ਚਾਂਦੀ ਦਾ ਤਗਮਾ ਅਤੇ ਟੇਬਲ ਟੈਨਿਸ ਵਿੱਚ ਭਾਵਿਨਾ ਪਟੇਲ ਨੇ ਸਿਲਵਰ ਮੈਡਲ ਜਿੱਤਿਆ ਸੀ ।
ਭਾਰਤ ਦੇ ਇੱਕ ਹੋਰ ਪੈਰਾ-ਅਥਲੀਟ ਵਿਨੋਦ ਕੁਮਾਰ ਨੇ ਡਿਸਕ ਥ੍ਰੋਅ ਦੀ F52 ਸ਼੍ਰੇਣੀ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ, ਪਰ ਫਿਲਹਾਲ ਉਸਦਾ ਨਤੀਜਾ ਹੋਲਡ ‘ਤੇ ਰੱਖਿਆ ਗਿਆ ਹੈ।
ਦੱਸ ਦੇਈਏ ਕਿ ਨੌਂ ਗੇੜ ਦੇ ਇਸ ਫਾਈਨਲ ਮੈਚ ਵਿੱਚ ਅਵਨੀ ਨੂੰ ਚੀਨੀ ਅਥਲੀਟ ਸੀ ਝਾਂਗ ਨੇ ਕੜੀ ਟੱਕਰ ਦਿੱਤੀ । ਝਾਂਗ ਕੁਆਲੀਫਿਕੇਸ਼ਨ ਰਾਊਂਡ ਵਿੱਚ ਚੋਟੀ ਦਾ ਸਥਾਨ ਹਾਸਿਲ ਕਰ ਇਸ ਮੈਚ ਵਿੱਚ ਗੋਲਡ ਮੈਡਲ ਲਈ ਮਜ਼ਬੂਤ ਦਾਅਵੇਦਾਰ ਬਣੀ । ਹਾਲਾਂਕਿ ਅਵਨੀ ਨੇ ਝਾਂਗ ਨੂੰ ਮਾਤ ਦੇ ਕੇ ਗੋਲਡ ਮੈਡਲ ਆਪਣੇ ਨਾਂ ਕੀਤਾ ।
Comment here