Site icon SMZ NEWS

ਸੁਮਿਤ ਅੰਤਿਲ ਨੇ ਪੈਰਾਲਿੰਪਿਕਸ ‘ਚ ਵਿਸ਼ਵ ਰਿਕਾਰਡ ਬਣਾ ਜਿੱਤਿਆ ਸੋਨ ਤਮਗਾ, ਜੈਵਲਿਨ ਥ੍ਰੋ ਵਿੱਚ ਭਾਰਤ ਨੇ ਹਾਸਿਲ ਕੀਤਾ ਤੀਜਾ ਮੈਡਲ

ਭਾਰਤ ਦੇ ਜੈਵਲਿਨ ਥ੍ਰੋਅਰਜ਼ ਨੇ ਟੋਕੀਓ ਪੈਰਾਲਿੰਪਿਕਸ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਹੈ। ਸੁਮਿਤ ਅੰਤਿਲ ਨੇ ਇਸ ਮੁਕਾਬਲੇ ਵਿੱਚ ਭਾਰਤ ਨੂੰ ਤੀਜਾ ਤਗਮਾ ਦਿਵਾਇਆ ਹੈ।

ਸੁਮਿਤ ਨੇ ਸੋਮਵਾਰ ਨੂੰ ਪੁਰਸ਼ਾਂ ਦੇ (ਐਫ 64 ਸ਼੍ਰੇਣੀ) ਫਾਈਨਲ ਵਿੱਚ ਸੋਨ ਤਗਮਾ ਜਿੱਤਿਆ ਹੈ। ਸੁਮਿਤ ਦੀ ਇਸ ਜਿੱਤ ਨਾਲ ਭਾਰਤ ਦੇ ਮੈਡਲਾਂ ਦੀ ਗਿਣਤੀ 7 ਹੋ ਗਈ ਹੈ। ਸੁਮਿਤ ਨੇ 68.55 ਮੀਟਰ ਦੂਰ ਜੈਵਲਿਨ ਸੁੱਟ ਕੇ ਸੋਨ ਤਗਮਾ ਜਿੱਤਿਆ ਹੈ। ਸੁਮਿਤ ਅੰਤਿਲ ਦਾ ਇਹ ਥ੍ਰੋਅ ਇੱਕ ਵਿਸ਼ਵ ਰਿਕਾਰਡ ਵੀ ਬਣ ਗਿਆ ਹੈ। ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਦਾ ਇਹ ਦੂਜਾ ਸੋਨ ਤਮਗਾ ਹੈ। ਸੁਮਿਤ ਤੋਂ ਪਹਿਲਾਂ ਅਵਨੀ ਲਖੇਰਾ ਨੇ ਸ਼ੂਟਿੰਗ ਵਿੱਚ ਭਾਰਤ ਨੂੰ ਸੋਨ ਤਮਗਾ ਦਿਵਾਇਆ ਸੀ। ਅਵਨੀ ਨੇ ਸੋਮਵਾਰ ਨੂੰ ਮਹਿਲਾ ਆਰ -2 10 ਮੀਟਰ ਏਅਰ ਰਾਈਫਲ ਸਟੈਂਡਿੰਗ ਐਸਐਚ 1 ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਜਿੱਤਿਆ ਹੈ।

ਸੁਮਿਤ ਨੇ ਇਸ ਮੈਚ ਵਿੱਚ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਉਸ ਨੇ ਪਹਿਲੀ ਕੋਸ਼ਿਸ਼ ਵਿੱਚ ਜੈਵਲਿਨ 66.95 ਮੀਟਰ ਸੁੱਟਿਆ, ਜੋ ਇੱਕ ਵਿਸ਼ਵ ਰਿਕਾਰਡ ਬਣ ਗਿਆ। ਇਸ ਤੋਂ ਬਾਅਦ ਦੂਜੀ ਕੋਸ਼ਿਸ਼ ਵਿੱਚ ਉਸ ਨੇ 68.08 ਮੀਟਰ ਸੁੱਟ ਕੇ ਆਪਣਾ ਹੀ ਰਿਕਾਰਡ ਤੋੜ ਦਿੱਤਾ। ਸੁਮਿਤ ਨੇ ਆਪਣੇ ਪ੍ਰਦਰਸ਼ਨ ਵਿੱਚ ਹੋਰ ਸੁਧਾਰ ਕੀਤਾ ਅਤੇ ਪੰਜਵੀਂ ਕੋਸ਼ਿਸ਼ ਵਿੱਚ 68.55 ਮੀਟਰ ਸੁੱਟ ਕੇ ਵਿਸ਼ਵ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਦੇਵੇਂਦਰ ਝਾਝਰੀਆ ਅਤੇ ਸੁੰਦਰ ਸਿੰਘ ਗੁੱਜਰ ਨੇ ਵੀ ਜੈਵਲਿਨ ਥ੍ਰੋ ਵਿੱਚ ਤਗਮੇ ਜਿੱਤੇ ਸਨ। ਦੇਵੇਂਦਰ ਨੇ ਚਾਂਦੀ ਅਤੇ ਸੁੰਦਰ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ।

Exit mobile version