ਪੰਜਾਬ ਕਾਂਗਰਸ ਦੇ ਕਲੇਸ਼ ਵਿਚਕਾਰ, ਪਾਰਟੀ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਵੀ ਐਂਟਰੀ ਹੋ ਗਈ ਹੈ। ਮਨੀਸ਼ ਤਿਵਾੜੀ ਨੇ ਟਵਿੱਟਰ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਇੱਕ ਵੀਡੀਓ ਸਾਂਝਾ ਕਰਦਿਆਂ ਸਿਆਸੀ ਸ਼ਾਇਰੀ ਕੀਤੀ ਹੈ।
ਸਿੱਧੂ ਦਾ ਇਹ ਵੀਡੀਓ ਅੰਮ੍ਰਿਤਸਰ ਵਿੱਚ ਆਯੋਜਿਤ ਪ੍ਰੋਗਰਾਮ ਦੇ ਦੌਰਾਨ ਦਾ ਹੈ। ਇਸ ਪ੍ਰੋਗਰਾਮ ਦੇ ਸੰਬੋਧਨ ਵਿੱਚ ਸਿੱਧੂ ਨੇ ਸਖਤ ਰਵੱਈਆ ਦਿਖਾਇਆ ਸੀ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਮਨੀਸ਼ ਤਿਵਾੜੀ ਨੇ ਲਿਖਿਆ ਹੈ, ”ਜੇਕਰ ਅਸੀਂ ਹਾਮੀ ਵੀ ਭਰਦੇ ਹਾਂ ਤਾਂ ਹੋ ਜਾਂਦੇ ਆ ਬਦਨਾਮ, ਉਹ ਕਤਲ ਵੀ ਕਰਦੇ ਹਨ, ਤਾਂ ਕੋਈ ਚਰਚਾ ਨਹੀਂ ਹੁੰਦੀ।” ਇਸ ਟਵੀਟ ਤੋਂ ਬਾਅਦ ਕਈ ਰਾਜਨੀਤਕ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਦਰਅਸਲ, ਅੰਮ੍ਰਿਤਸਰ ਵਿੱਚ, ਸਿੱਧੂ ਨੇ ਕਿਹਾ ਸੀ ਕਿ ਮੈਂ ਪਾਰਟੀ ਹਾਈਕਮਾਂਡ ਨੂੰ ਕਿਹਾ ਹੈ ਕਿ ਜੇ ਮੈਂ ਪੰਜਾਬ ਦੇ ਲੋਕਾਂ ਅਤੇ ਪੰਜਾਬ ਮਾਡਲ ਦੀਆਂ ਉਮੀਦਾਂ ‘ਤੇ ਖਰਾ ਉਤਰਨ ਵਿੱਚ ਸਫਲ ਰਿਹਾ, ਤਾਂ ਮੈਂ ਕਾਂਗਰਸ ਨੂੰ ਦੋ ਦਹਾਕਿਆਂ ਲਈ ਪਿਕਚਰ ਤੋਂ ਬਾਹਰ ਨਹੀਂ ਹੋਣ ਦੇਵਾਂਗਾ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਉਨ੍ਹਾਂ ਨੂੰ ਫੈਸਲਾ ਲੈਣ ਦੀ ਖੁੱਲ੍ਹ ਨਾ ਦਿੱਤੀ ਗਈ ਤਾਂ ਉਹ ਇੱਟ ਨਾਲ ਇੱਟ ਖੜਕਾਂ ਦੇਣਗੇ। ਪੰਜਾਬ ਕਾਂਗਰਸ ਪ੍ਰਧਾਨ ਨੇ ਇਹ ਵੀ ਸਪਸ਼ਟ ਕਿਹਾ ਕਿ ਦਰਸ਼ਨੀ ਘੋੜੇ ਹੋਣ ਦਾ ਕੋਈ ਲਾਭ ਨਹੀਂ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਚੰਡੀਗੜ੍ਹ ਤੋਂ ਦਿੱਲੀ ਤੱਕ ਸਿਆਸੀ ਹਲਚਲ ਵੱਧ ਗਈ ਹੈ। ਇੱਟ ਨਾਲ ਇੱਟ ਵਜਾਉਣ ਵਾਲੇ ਸਿੱਧੂ ਦੇ ਬਿਆਨ ‘ਤੇ ਸਿਆਸਤ ਵੀ ਬਹੁਤ ਗਰਮਾ ਗਈ ਹੈ। ਭਾਜਪਾ ਵੀ ਇਸ ਬਿਆਨ ‘ਤੇ ਤੰਜ ਕਸ ਰਹੀ ਹੈ। ਇਸ ਦੌਰਾਨ ਮਨੀਸ਼ ਤਿਵਾੜੀ ਨੇ ਜੋ ਵੀ ਕਵਿਤਾ ਰਾਹੀਂ ਕਹਿਣ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਇੱਕ ਤੀਰ ਨਾਲ ਦੋ ਨਿਸ਼ਾਨੇ ਸਮਝਿਆ ਜਾ ਰਿਹਾ ਹੈ। ਦਰਅਸਲ, ਮਨੀਸ਼ ਤਿਵਾੜੀ ਉਨ੍ਹਾਂ ਨੇਤਾਵਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਦੇ ਧੜੇ ਵਿੱਚ ਵੇਖਿਆ ਜਾਂਦਾ ਹੈ, ਨਾਲ ਹੀ ਉਹ ਜੀ -23 ਨੇਤਾਵਾਂ ਦੀ ਸੂਚੀ ਵਿੱਚ ਵੀ ਸ਼ਾਮਿਲ ਹਨ ਜਿਨ੍ਹਾਂ ਨੇ ਕਾਂਗਰਸ ਹਾਈਕਮਾਨ ਦੇ ਖਿਲਾਫ ਸਵਾਲ ਖੜ੍ਹੇ ਕੀਤੇ ਹਨ।