ਅਮਰੀਕਾ ਵਿੱਚ ਹੋਏ ਇੱਕ ਸੜਕ ਹਾਦਸੇ ਵਿੱਚ ਪੰਜਾਬੀ ਪੰਜਾਬੀ ਮੂਲ ਦੇ ਇੱਕ ਅਮਰੀਕੀ ਪੁਲਿਸ ਅਧਿਕਾਰੀ ਅਤੇ ਇੱਕ ਮਹਿਲਾ ਪੁਲਿਸ ਅਧਿਕਾਰੀ ਸਣੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ, ਦਕਿ ਤਿੰਨ ਪੰਜਾਬੀ ਨੌਜਵਾਨ ਗੰਭੀਰ ਜ਼ਖਮੀ ਹੋਏ ਹਨ. ਜ਼ਖਮੀਆਂ ਬਾਰੇ ਅਮੇਰਿਕਾ ਦੀ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਮਰਨ ਵਾਲਿਆਂ ਵਿੱਚ ਪੰਜਾਬ ਦੇ ਮੋਗਾ ਨਾਲ ਸਬੰਧਤ ਯੂਐਸ ਪੁਲਿਸ ਅਧਿਕਾਰੀ ਹਰਮਿੰਦਰ ਸਿੰਘ ਗਰੇਵਾਲ, ਉਸਦੀ ਸਾਥੀ ਮਹਿਲਾ ਪੁਲਿਸ ਅਫਸਰ ਕੈਪਰੀ ਹੀਰਾ ਅਤੇ 24 ਸਾਲਾ ਮਨਜੋਤ ਸਿੰਘ ਥਿੰਦ, ਲੁਧਿਆਣਾ ਦੇ ਰਾਏਕੋਟ ਸ਼ਹਿਰ ਦਾ ਨੌਜਵਾਨ ਸ਼ਾਮਲ ਹਨ। ਇਹ ਹਾਦਸਾ ਅਮਰੀਕੀ ਰਾਜ ਕੈਲੀਫੋਰਨੀਆ ਦੇ ਸੈਕਰਾਮੈਂਟੋ ਦੇ ਮੈਂਟਿਕਾ ਸ਼ਹਿਰ ਵਿੱਚ ਸਥਿਤ ਹਾਈਵੇਅ ਨੰਬਰ 99 ‘ਤੇ ਵਾਪਰਿਆ।
ਪੰਜਾਬੀ ਪੁਲਿਸ ਅਫਸਰ ਹਰਮਿੰਦਰ ਸਿੰਘ ਗਰੇਵਾਲ ਆਪਣੇ ਸਾਥੀ ਪੁਲਿਸ ਅਫਸਰ ਕੈਪਰੀ ਹੀਰਾ ਨਾਲ ਕੈਲੀਫੋਰਨੀਆ ਦੇ ਹਾਈਵੇ ਨੰਬਰ 99 ‘ਤੇ ਜਾ ਰਹੇ ਸਨ। ਦੂਜੇ ਪਾਸੇ ਰਾਏਕੋਟ ਸ਼ਹਿਰ ਦਾ ਨੌਜਵਾਨ ਮਨਜੋਤ ਸਿੰਘ ਥਿੰਦ ਤਿੰਨ ਹੋਰ ਦੋਸਤਾਂ ਨਾਲ ਆਪਣੀ ਪਿਕਅੱਪ ‘ਤੇ ਆ ਰਿਹਾ ਸੀ। ਮਨਜੋਤ ਦੀ ਤੇਜ਼ ਰਫ਼ਤਾਰ ਪਿਕਅਪ ਸੜਕ ਦੇ ਵਿਚਕਾਰ ਬਣੇ ਬੈਰੀਕੇਡ ਨੂੰ ਤੋੜਦੇ ਹੋਏ ਦੂਜੇ ਪਾਸਿਓਂ ਆ ਰਹੀ ਹਰਮਿੰਦਰ ਸਿੰਘ ਗਰੇਵਾਲ ਦੀ ਪੁਲਿਸ ਕਾਰ ਨਾਲ ਸਿੱਧੀ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਉੱਡ ਗਏ। ਮਨਜੋਤ ਸਿੰਘ ਥਿੰਦ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਹਰਮਿੰਦਰ ਸਿੰਘ ਗਰੇਵਾਲ ਅਤੇ ਉਸ ਦੇ ਸਾਥੀ ਪੁਲਿਸ ਅਧਿਕਾਰੀ ਕੈਪਰੀ ਹੀਰਾ ਨੇ ਬਾਅਦ ਵਿੱਚ ਹਸਪਤਾਲ ਵਿੱਚ ਦਮ ਤੋੜ ਦਿੱਤਾ।
ਰਾਏਕੋਟ ਵਿੱਚ ਮਨਜੋਤ ਸਿੰਘ ਥਿੰਦ ਦੇ ਚਚੇਰੇ ਭਰਾ ਹਰਪਾਲ ਸਿੰਘ ਥਿੰਦ ਨੇ ਦੱਸਿਆ ਕਿ ਮਨਜੋਤ ਦਾ ਪੂਰਾ ਪਰਿਵਾਰ ਅਮਰੀਕਾ ਵਿੱਚ ਰਹਿੰਦਾ ਹੈ। ਯੂਨੀਵਰਸਿਟੀ ਖ਼ਤਮ ਕਰਨ ਤੋਂ ਬਾਅਦ ਮਨਜੋਤ ਹੁਣ ਕਾਰੋਬਾਰ ਕਰਨ ਲੱਗਾ ਸੀ। ਘਟਨਾ ਵਾਲੇ ਦਿਨ ਉਹ ਆਪਣੇ ਤਿੰਨ ਦੋਸਤਾਂ ਨਾਲ ਕਿਸੇ ਕੰਮ ਲਈ ਯੂਨੀਵਰਸਿਟੀ ਗਿਆ ਹੋਇਆ ਸੀ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਇੱਕ ਹਾਦਸਾ ਵਾਪਰ ਗਿਆ। ਮਨਜੋਤ ਦੇ ਤਿੰਨੋਂ ਸਾਥੀ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਘਟਨਾ ਨਾਲ ਮੋਗਾ ਅਤੇ ਰਾਏਕੋਟ ਸ਼ਹਿਰਾਂ ਵਿੱਚ ਸੋਗ ਦੀ ਲਹਿਰ ਹੈ। ਜਦੋਂ ਮੋਗਾ ਦੇ ਹਰਮਿੰਦਰ ਸਿੰਘ ਗਰੇਵਾਲ ਨੂੰ ਯੂਐਸ ਪੁਲਿਸ ਵਿੱਚ ਭਰਤੀ ਕੀਤਾ ਗਿਆ ਤਾਂ ਬਹੁਤ ਜਸ਼ਨ ਮਨਾਇਆ ਗਿਆ ਸੀ।