ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਵੀਰਵਾਰ ਨੂੰ ਜਿਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਧਮਾਕੇ ਹੋਏ, ਉਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਸਖਤ ਰੁਖ ਅਪਣਾ ਲਿਆ ਹੈ। ਇਸ ਹਮਲੇ ਵਿੱਚ ਇੱਕ ਦਰਜਨ ਤੋਂ ਵੱਧ ਅਮਰੀਕੀ ਨਾਗਰਿਕਾਂ ਦੀ ਮੌਤ ਵੀ ਹੋ ਚੁੱਕੀ ਹੈ ।
ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਇਸ ਹਮਲੇ ਤੋਂ ਬਾਅਦ ਸਹੁੰ ਖਾਧੀ ਹੈ ਕਿ ਅਮਰੀਕੀ ਫ਼ੌਜ ਇਸ ਹਮਲੇ ਵਿੱਚ ਸ਼ਾਮਿਲ ਅੱਤਵਾਦੀ ਸਮੂਹ ਦੇ ਵਿਰੁੱਧ ਇੱਕ ਵਾਰ ਫਿਰ ਹਮਲੇ ਤੇਜ਼ ਕਰੇਗੀ । ਵ੍ਹਾਈਟ ਹਾਊਸ ਦੇ ਪੂਰਬੀ ਕਮਰੇ ਤੋਂ ਬੋਲਦਿਆਂ ਬਾਇਡੇਨ ਨੇ ਕਿਹਾ ਇਸ ਹਮਲੇ ਦੇ ਦੋਸ਼ੀਆਂ ਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਨੂੰ ਮੁਆਫ ਨਹੀਂ ਕਰਾਂਗੇ । ਅਸੀਂ ਇਨ੍ਹਾਂ ਧਮਾਕਿਆਂ ਨੂੰ ਕਦੇ ਨਹੀਂ ਭੁੱਲਾਂਗੇ ਅਤੇ ਅਸੀਂ ਉਨ੍ਹਾਂ ਨੂੰ ਲੱਭ-ਲੱਭ ਕੇ ਮਾਰਾਂਗੇ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀਆਂ ਬਹੁਤ ਸਾਰੀਆਂ ਜਾਣਕਾਰੀਆਂ ਮਿਲੀਆਂ ਹਨ ਜਿਸ ਨੂੰ ਜਾਣਨ ਤੋਂ ਬਾਅਦ ਸਾਨੂੰ ਵਿਸ਼ਵਾਸ ਹੋ ਗਿਆ ਹੈ ਕਿ ਉਨ੍ਹਾਂ ਹਮਲਿਆਂ ਵਿੱਚ ISIS ਨੇਤਾਵਾਂ ਦੀ ਪਹਿਚਾਣ ਕਰ ਲਈ ਹੈ, ਜਿਨ੍ਹਾਂ ਨੇ ਕਾਬੁਲ ਵਿੱਚ ਹਮਲੇ ਨੂੰ ਅੰਜ਼ਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਵੱਡੇ ਫੌਜੀ ਅਭਿਆਨ ਦੇ ਬਿਨ੍ਹਾਂ ਉਨ੍ਹਾਂ ਸਾਰੇ ਅੱਤਵਾਦੀਆਂ ਨੂੰ ਲੱਭ ਸਕਦੇ ਹਾਂ।
ਉਹ ਜਿੱਥੇ ਵੀ ਲੁਕੇ ਹੋਏ ਹੋਣ ਅਸੀਂ ਉਨ੍ਹਾਂ ਤੱਕ ਪਹੁੰਚ ਸਕਦੇ ਹਾਂ। ਬਾਇਡੇਨ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਫੌਜੀ ਕਮਾਂਡਰਾਂ ਨੂੰ ISIS ‘ਤੇ ਹਮਲੇ ਦੀ ਯੋਜਨਾ ‘ਤੇ ਕੰਮ ਕਰਨ ਲਈ ਕਿਹਾ ਹੈ । ਉਨ੍ਹਾਂ ਕਿਹਾ ਕਿ ਅਸੀਂ ਜਿਸ ਜਗ੍ਹਾ ਨੂੰ ਚੁਣਦੇ ਹਾਂ, ਉੱਥੇ ਹੀ ਸਹੀ ਹਮਲੇ ਕਰਦੇ ਹਾਂ।
ਇਸ ਮਾਮਲੇ ਵਿੱਚ ਪੈਂਟਾਗਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਇਸ ਹਮਲੇ ਵਿੱਚ ISIS ਦੇ ਦੋ ਆਤਮਘਾਤੀ ਹਮਲਾਵਰਾਂ ਦੇ ਸ਼ਾਮਿਲ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਅਧਿਕਾਰੀਆਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਕਾਬੁਲ ਵਿੱਚ ਹਮਲਾ ਹੋਇਆ, ਉਸ ਨੂੰ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਅਫਗਾਨਿਸਤਾਨ ਵਿੱਚ ਅਮਰੀਕੀ ਫੌਜ ਲਈ ਲਗਭਗ ਇੱਕ ਦਹਾਕੇ ਦਾ ਸਭ ਤੋਂ ਘਾਤਕ ਦਿਨ ਸੀ। ਵੀਰਵਾਰ ਨੂੰ ਹੋਏ ਇਨ੍ਹਾਂ ਬੰਬ ਧਮਾਕਿਆਂ ਵਿੱਚ ਘੱਟੋ-ਘੱਟ 60 ਅਫਗਾਨ ਨਾਗਰਿਕ ਵੀ ਮਾਰੇ ਗਏ ਹਨ।
ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਇੱਕ ਪਲ ਦਾ ਮੌਨ ਰੱਖਿਆ ਅਤੇ ਕਾਬੁਲ ਧਮਾਕੇ ਵਿੱਚ ਮਾਰੇ ਗਏ ਅਮਰੀਕੀ ਸੇਵਾ ਮੈਂਬਰਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ । ਬਾਇਡੇਨ ਨੇ ਆਪਣੇ ਸੰਦੇਸ਼ ਵਿੱਚ ਕਾਬੁਲ ਧਮਾਕਿਆਂ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਅਮਰੀਕੀ ਸੇਵਾ ਮੈਂਬਰਾਂ ਨੂੰ “ਹੀਰੋ” ਦੱਸਿਆ ਹੈ। ਉਨ੍ਹਾਂ ਕਿਹਾ, ਜਿਨ੍ਹਾਂ ਲੋਕਾਂ ਨੂੰ ਅਸੀਂ ਅੱਜ ਗੁਆ ਚੁੱਕੇ ਹਾਂ ਉਨ੍ਹਾਂ ਨੇ ਸੁਰੱਖਿਆ, ਦੂਜਿਆਂ ਦੀ ਸੇਵਾ ਅਤੇ ਅਮਰੀਕਾ ਦੀ ਸੇਵਾ ਵਿੱਚ ਆਪਣੀਆਂ ਜਾਨਾਂ ਦਿੱਤੀਆਂ ਹਨ।
Comment here