ਪੰਜਾਬ ਵਿੱਚ ਕਾਂਗਰਸ ਵਿੱਚ ਸ਼ੁਰੂ ਹੋਏ ਕਾਟੋ ਕਲੇਸ਼ ਦੇ ਵਿਚਕਾਰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਐਮਪੀ ਪ੍ਰਨੀਤ ਕੌਰ ਵੀ ਮੈਦਾਨ ਵਿੱਚ ਉੱਤਰ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਬਗਾਵਤ ਦੇ ਪਿੱਛੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਹੱਥ ਹੈ।
ਉਨ੍ਹਾਂ ਕਿਹਾ ਜਦੋਂ ਤੋਂ ਸਿੱਧੂ ਆਏ ਹਨ, ਕਾਂਗਰਸ ਵਿੱਚ ਇਹ ਮਤਭੇਦ ਹਨ। ਜੇ ਕਿਸੇ ਨੂੰ ਕੋਈ ਸਮੱਸਿਆ ਸੀ, ਤਾਂ ਉਹ ਸਾਢੇ ਚਾਰ ਸਾਲ ਚੁੱਪ ਕਿਉਂ ਰਿਹਾ? ਉਦੋਂ ਤੱਕ ਸਭ ਕੁੱਝ ਠੀਕ ਚੱਲ ਰਿਹਾ ਸੀ। ਚੋਣਾਂ ਦੇ ਸਾਲ ਦੌਰਾਨ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਗੱਲ ਕਰਨ ਦਾ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਸ ਮਸਲੇ ਸਬੰਧੀ ਵੱਡਾ ਦਿਲ ਦਿਖਾਇਆ ਹੈ। ਪ੍ਰਨੀਤ ਕੌਰ ਨੇ ਸਪੱਸ਼ਟ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਕਿਸੇ ਦੀ ਸਲਾਹ ਨਾਲ ਨਹੀਂ ਬਦਲੇ ਜਾਣਗੇ। ਪ੍ਰਨੀਤ ਕੌਰ ਰਾਹੀਂ, ਕੈਪਟਨ ਕੈਂਪ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਜੇ ਵਿਵਾਦ ਵੱਧਦਾ ਗਿਆ ਤਾਂ ਉਹ ਵੀ ਚੁੱਪ ਨਹੀਂ ਰਹਿਣਗੇ। ਪ੍ਰਨੀਤ ਨੇ ਸਮੁੱਚੀ ਕਾਂਗਰਸ ਹਾਈ ਕਮਾਨ ਨੂੰ ਸਮੁੱਚੇ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਕੀਤੀ।
ਪ੍ਰਨੀਤ ਕੌਰ ਨੇ ਅਜਿਹੀਆਂ ਸਰਗਰਮੀਆਂ ਨੂੰ ਪਾਰਟੀ ਲਈ ਹਾਨੀਕਾਰਕ ਕਰਾਰ ਦਿੰਦਿਆਂ ਕਿਹਾ ਕਿ ਇਹ ਸਮਾਂ ਨਿੱਜੀ ਰਾਜਨੀਤੀ ਖੇਡਣ ਦਾ ਨਹੀਂ ਹੈ। ਉਹ ਇੱਥੇ ਹੀ ਨਹੀਂ ਰੁਕੇ ਸਿੱਧੂ ਦੇ ਸਲਾਹਕਾਰਾਂ ਵੱਲੋਂ ਕਸ਼ਮੀਰ ਅਤੇ ਇੰਦਰਾ ਗਾਂਧੀ ਦੇ ਮੁੱਦੇ ’ਤੇ ਕੀਤੀਆਂ ਟਿੱਪਣੀਆਂ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਨੂੰ ਚਾਹੀਦਾ ਸੀ ਕਿ ਉਹ ਪਾਰਟੀ ਦੇ ਅੰਦਰੋਂ ਹੀ ਜ਼ਿੰਮੇਵਾਰ ਸਲਾਹਕਾਰ ਨਿਯੁਕਤ ਕਰਦੇ।
Comment here