ਅਫਗਾਨਿਸਤਾਨ ‘ਤੇ ਹੁਣ ਤਾਲਿਬਾਨ ਦਾ ਕਬਜ਼ਾ ਹੋ ਚੁੱਕਿਆ ਹੈ। ਇਸ ਦੌਰਾਨ ਅਫਗਾਨਿਸਤਾਨ ਦੇ ਵਿੱਚ ਹਲਾਤ ਵੀ ਕਾਫੀ ਚਿੰਤਾਜਨਕ ਬਣ ਗਏ ਹਨ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਪਹਿਲਾਂ ਹੀ ਦੇਸ਼ ਛੱਡ ਕੇ ਭੱਜ ਚੁੱਕੇ ਹਨ।
ਪਰ ਹੁਣ ਇੱਥੇ ਫਸੇ ਆਮ ਲੋਕਾਂ ਲਈ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਇਸ ਦੌਰਾਨ ਸੋਮਵਾਰ ਨੂੰ ਕਾਬੁਲ ਹਵਾਈ ਅੱਡੇ ‘ਤੇ ਵੀ ਭਗਦੜ ਵਰਗੀ ਸਥਿਤੀ ਦੇਖਣ ਨੂੰ ਮਿਲੀ ਹੈ। ਇਸ ਵਿਚਕਾਰ ਅਫਗਾਨਿਸਤਾਨ ‘ਚ ਵਸਦੇ ਸਿੱਖਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਚਿੰਤਾ ਜ਼ਾਹਿਰ ਕੀਤੀ ਹੈ। CM ਕੈਪਟਨ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਸਾਰੇ ਭਾਰਤੀਆਂ ਸਣੇ ਅਫ਼ਗਾਨਿਸਤਾਨ ਦੇ ਗੁਰੂਘਰਾਂ ‘ਚ ਫਸੇ ਕਰੀਬ 200 ਸਿੱਖਾਂ ਨੂੰ ਉੱਥੋਂ ਤੁਰੰਤ ਕੱਢਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਟਵੀਟ ਕਰ ਕਿਹਾ, ਅਫ਼ਗਾਨਿਸਤਾਨ ਦੇ ਗੁਰਦੁਆਰਾ ਸਾਹਿਬ ਵਿੱਚ ਫਸੇ ਭਾਰਤੀਆਂ ਨੂੰ ਵਾਪਿਸ ਲਿਆਉਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਜਾਣ। ਪੰਜਾਬ ਸਰਕਾਰ ਸਰਕਾਰ ਵੀ ਇਸ ਦੌਰਾਨ ਹਰ ਤਰਾਂ ਦੀ ਸਹਾਇਤਾ ਕਰਨ ਦੇ ਲਈ ਤਿਆਰ ਹੈ।
ਸੋਮਵਾਰ ਸਵੇਰੇ ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ‘ਤੇ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਅੰਤਰਰਾਸ਼ਟਰੀ ਏਜੰਸੀਆਂ ਦਾ ਦਾਅਵਾ ਹੈ ਕਿ ਹਵਾਈ ਅੱਡੇ ‘ਤੇ ਅਜੇ ਵੀ ਗੋਲੀਬਾਰੀ ਹੋ ਰਹੀ ਹੈ। ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਏਅਰਪੋਰਟ ਦੀ ਟਰਮੀਨਲ ਬਿਲਡਿੰਗ ਦੇ ਕੋਲ ਪਈਆਂ ਹਨ। ਹਵਾਈ ਅੱਡੇ ‘ਤੇ ਭੀੜ ਹੋਣ ਤੋਂ ਬਾਅਦ ਹੀ ਜਹਾਜ਼ਾਂ ਦੇ ਸੰਚਾਲਨ ‘ਤੇ ਪਾਬੰਦੀ ਲਗਾਈ ਗਈ ਸੀ। ਅਫਗਾਨਿਸਤਾਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭਾਰਤ ਦੀਆਂ ਕੋਸ਼ਿਸ਼ਾਂ ਤੇਜ਼ ਹੋ ਰਹੀਆਂ ਹਨ। ਪਰ ਇਸ ਦੌਰਾਨ ਬੁਰੀ ਖ਼ਬਰ ਇਹ ਹੈ ਕਿ ਕਾਬੁਲ ਅਤੇ ਦਿੱਲੀ ਵਿਚਕਾਰ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਏਅਰ ਇੰਡੀਆ ਦੀਆਂ ਕੁੱਝ ਉਡਾਣਾਂ ਭਾਰਤ ਦੀ ਤਰਫੋਂ ਰਾਖਵੀਆਂ ਸਨ, ਤਾਂ ਜੋ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਿਆ ਜਾ ਸਕੇ।
ਕੈਬਨਿਟ ਸਕੱਤਰ ਦੀ ਅਗਵਾਈ ਵਿੱਚ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਇੱਕ ਅਹਿਮ ਮੀਟਿੰਗ ਵੀ ਹੋ ਰਹੀ ਹੈ। ਇਸ ਵਿੱਚ ਵਿਦੇਸ਼ ਮੰਤਰਾਲੇ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅਧਿਕਾਰੀ ਵੀ ਮੌਜੂਦ ਹਨ। ਇਸ ਦੌਰਾਨ ਅਫਗਾਨਿਸਤਾਨ ਤੋਂ ਭਾਰਤੀਆਂ ਨੂੰ ਕੱਢਣ ਲਈ ਮੰਥਨ ਹੋ ਸਕਦਾ ਹੈ। ਸੂਤਰਾਂ ਮੁਤਾਬਕ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੇ ਸੱਤਾ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਦੇਸ਼ ਛੱਡ ਦਿੱਤਾ ਹੈ ਅਤੇ ਉਹ ਤਜ਼ਾਕਿਸਤਾਨ ਲਈ ਰਵਾਨਾ ਹੋ ਗਏ ਹਨ। ਦੂਜੇ ਪਾਸੇ ਭਾਰਤ, ਅਮਰੀਕਾ ਨਿਊਜ਼ੀਲੈਂਡ ਸਮੇਤ ਬਹੁਤ ਸਾਰੇ ਦੇਸ਼ ਆਪਣੇ ਨਾਗਰਿਕਾਂ ਅਤੇ ਰਾਜਦੂਤਾਂ ਨੂੰ ਬਚਾਉਣ ਵਿੱਚ ਰੁੱਝੇ ਹੋਏ ਹਨ। ਰਾਸ਼ਟਰਪਤੀ ਅਸ਼ਰਫ ਗਨੀ ਦੇ ਦੇਸ਼ ਛੱਡਣ ਤੋਂ ਬਾਅਦ ਤਾਲਿਬਾਨ ਨੇ ਸੋਮਵਾਰ ਨੂੰ ਅਫਗਾਨਿਸਤਾਨ ‘ਤੇ ਕਬਜ਼ਾ ਕਰ ਲਿਆ।
Comment here