ਅਫਗਾਨਿਸਤਾਨ ‘ਤੇ ਹੁਣ ਤਾਲਿਬਾਨ ਦਾ ਕਬਜ਼ਾ ਹੋ ਚੁੱਕਿਆ ਹੈ। ਅਫਗਾਨਿਸਤਾਨ ‘ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਉੱਥੋਂ ਦੇ ਹਲਾਤ ਕਾਫੀ ਚਿੰਤਾਜਨਕ ਹੁੰਦੇ ਜਾਂ ਰਹੇ ਹਨ। ਬੀਤੀ ਰਾਤ ਜਾਣਕਾਰੀ ਸਾਹਮਣੇ ਆਈ ਸੀ ਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਵੀ ਦੇਸ਼ ਛੱਡ ਕੇ ਭੱਜ ਚੁੱਕੇ ਹਨ।
ਪਰ ਹੁਣ ਇੱਥੇ ਫਸੇ ਆਮ ਲੋਕਾਂ ਲਈ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਇਸ ਦੌਰਾਨ ਸੋਮਵਾਰ ਨੂੰ ਕਾਬੁਲ ਹਵਾਈ ਅੱਡੇ ‘ਤੇ ਵੀ ਭਗਦੜ ਵਰਗੀ ਸਥਿਤੀ ਦੇਖਣ ਨੂੰ ਮਿਲੀ ਹੈ। ਤਾਲਿਬਾਨ ਨੇ ਬੇਸ਼ੱਕ ਆਪਣੀ ਜਿੱਤ ਦੀ ਘੋਸ਼ਣਾ ਨਾਲ ਅਫਗਾਨਿਸਤਾਨ ਵਿੱਚ ਜੰਗ ਦੇ ਅੰਤ ਦਾ ਐਲਾਨ ਕਰ ਦਿੱਤਾ ਹੈ, ਪਰ ਫਿਰ ਵੀ ਇਸ ਦੁਖਾਂਤ ਦੀਆਂ ਭਿਆਨਕ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।
ਇਸ ਦੌਰਾਨ ਭਾਰਤੀ ਹਵਾਈ ਫੌਜ ਦਾ ਜਹਾਜ਼ ਵੀ ਅਫਗਾਨਿਸਤਾਨ ਵਿੱਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਕਾਬੁਲ ਪਹੁੰਚ ਗਿਆ ਹੈ। ਲੱਗਭਗ 500 ਭਾਰਤੀ ਅਧਿਕਾਰੀ ਅਤੇ ਸਬੰਧਿਤ = ਸੁਰੱਖਿਆ ਕਰਮਚਾਰੀ ਉੱਥੇ ਫਸੇ ਹੋਏ ਹਨ। ਸੀ -17 ਗਲੋਬਮਾਸਟਰ ਜਹਾਜ਼ ਨੂੰ ਹਫੜਾ-ਦਫੜੀ ਕਾਰਨ ਸਵੇਰੇ ਤਜ਼ਾਕਿਸਤਾਨ ਵਿੱਚ ਉਤਰਨਾ ਪਿਆ ਸੀ। ਅਮਰੀਕੀ ਫ਼ੌਜਾਂ ਵੱਲੋਂ ਭੀੜ ਨੂੰ ਕੰਟਰੋਲ ਕਰਨ ਤੋਂ ਬਾਅਦ ਜਹਾਜ਼ ਹੁਣ ਕਾਬੁਲ ਪਹੁੰਚਿਆ ਹੈ। ਵੱਡੀ ਗਿਣਤੀ ਵਿੱਚ ਲੋਕ ਕਾਬੁਲ ਤੋਂ ਦੇਸ਼ ਛੱਡਣਾ ਚਾਹੁੰਦੇ ਹਨ। ਇਸ ਵਿਚਕਾਰ ਤਾਲਿਬਾਨ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਛੇਤੀ ਹੀ ਤਾਲਿਬਾਨ ਲੀਡਰਸ਼ਿਪ ਕਾਬੁਲ ਆ ਸਕਦੀ ਹੈ, ਉਸ ਤੋਂ ਬਾਅਦ ਨਵੀਂ ਸਰਕਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।