Site icon SMZ NEWS

Kinnaur Landslide ਹਾਦਸੇ ‘ਚ 2 ਦੀ ਮੌਤ, ਕਰੀਬ 60 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ, ITBP ਵੱਲੋ ਬਚਾਅ ਕਾਰਜ ਜਾਰੀ

ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਵਿੱਚ ਬੁੱਧਵਾਰ ਦੁਪਹਿਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਜ਼ਮੀਨ ਖਿਸਕਣ ਕਾਰਨ ਯਾਤਰੀਆਂ ਨਾਲ ਭਰੀ ਬੱਸ ਮਲਬੇ ਵਿੱਚ ਦੱਬ ਗਈ। ਬੱਸ ਤੋਂ ਇਲਾਵਾ ਕਈ ਵਾਹਨ ਵੀ ਮਲਬੇ ਹੇਠ ਦੱਬੇ ਗਏ। ਇਸ ਹਾਦਸੇ ਵਿੱਚ ਕਰੀਬ 50-60 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।

ਹਿਮਾਚਲ ਸਰਕਾਰ ਵੱਲੋਂ ਹੁਣ ਤੱਕ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਜਦਕਿ 6 ਲੋਕ ਜ਼ਖਮੀ ਹੋਏ ਹਨ ਅਤੇ 30 ਲਾਪਤਾ ਹਨ। ਇਹ ਹਾਦਸਾ ਕਿੰਨੌਰ ਜ਼ਿਲ੍ਹੇ ਦੇ ਚੌਰਾ ਵਿੱਚ ਮੌਜੂਦ ਰਾਸ਼ਟਰੀ ਰਾਜ ਮਾਰਗ ਉੱਤੇ ਵਾਪਰਿਆ, ਜਿੱਥੇ ਪਹਾੜ ਤੋਂ ਚੱਟਾਨਾਂ ਡਿੱਗ ਗਈਆਂ ਹਨ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਰਾਹਤ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ। ਪੱਥਰ ਡਿੱਗਣ ਕਾਰਨ ਬਚਾਅ ਕਾਰਜਾਂ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ 10 ਲੋਕਾਂ ਨੂੰ ਬਚਾ ਲਿਆ ਗਿਆ ਹੈ। ਲਾਪਤਾ ਬੱਸ ਦੀ ਭਾਲ ਜਾਰੀ ਹੈ।

ਇਸ ਦੇ ਨਾਲ ਹੀ ਆਈਟੀਬੀਪੀ ਨੇ 50 ਤੋਂ 60 ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਮੀਂਹ ਅਤੇ ਮੌਸਮ ਦੇ ਕਾਰਨ ਬਚਾਅ ਵਿੱਚ ਮੁਸ਼ਕਿਲ ਆ ਰਹੀ ਹੈ। ਆਈਟੀਬੀਪੀ ਦੇ ਪੀਆਰਓ ਨੇ ਦੋ ਬੱਸਾਂ ਦੇ ਫਸੇ ਹੋਣ ਦਾ ਖਦਸ਼ਾ ਵੀ ਪ੍ਰਗਟ ਕੀਤਾ ਹੈ। ਆਈਟੀਬੀਪੀ ਦੇ 300 ਕਰਮਚਾਰੀ ਬਚਾਅ ਵਿੱਚ ਲੱਗੇ ਹੋਏ ਹਨ। ਇਸ ਹਾਦਸੇ ਵਿੱਚ ਹੁਣ ਤੱਕ ਬੱਸ ਡਰਾਈਵਰ ਸਮੇਤ 9 ਲੋਕਾਂ ਨੂੰ ਬਚਾਇਆ ਗਿਆ ਹੈ। ਡਰਾਈਵਰ ਅਨੁਸਾਰ ਜ਼ਮੀਨ ਖਿਸਕਣ ਕਾਰਨ ਕੁੱਝ ਵਾਹਨ ਸਤਲੁਜ ਦਰਿਆ ਵਿੱਚ ਡਿੱਗ ਗਏ ਹਨ। ਕਿੰਨੌਰ ਪੁਲਿਸ ਨੇ ਹੈਲਪਲਾਈਨ ਨੰਬਰ 1786222873 ਵੀ ਜਾਰੀ ਕੀਤਾ ਹੈ

Exit mobile version