ਅੰਤਰਰਾਸ਼ਟਰੀ 105 ਸਾਲਾ ਐਥਲੀਟ ਮਾਨ ਕੌਰ ਦਾ ਅੱਜ ਦੇਹਾਂਤ ਹੋ ਗਿਆ। ਪਿਛਲੇ ਕੁਝ ਸਮੇਂ ਤੋਂ ਮਾਨ ਕੌਰ ਕੈਂਸਰ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ ਅਤੇ ਡੇਰਾ ਬੱਸੀ ਦੇ ਆਯੁਰਵੈਦਿਕ ਹਸਪਤਾਲ ਵਿਚ ਉਨ੍ਹਾਂ ਦਾ ਨੈਚੁਰਲ ਥੈਰੇਪੀ ਨਾਲ ਇਲਾਜ ਚੱਲ ਰਿਹਾ ਸੀ।
ਮਾਤਾ ਮਾਨ ਕੌਰ ਦੀ ਮ੍ਰਿਤਕ ਦੇਹ ਚੰਡੀਗੜ੍ਹ ਦੇ ਸੈਕਟਰ-40 ਮਕਾਨ ਨੰਬਰ 903 ਵਿਚ ਦਰਸ਼ਨਾਂ ਲਈ ਰੱਖੀ ਜਾਵੇਗੀ। ਐਥਲੀਟ ਮਾਨ ਦੀ ਉਮਰ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਕੀਮੋ ਥੈਰੇਪੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸ਼ੁਧੀ ਆਯੁਰਵੈਦ ਪੰਚਕਰਮਾ ਹਸਪਤਾਲ ਡੇਰਾਬੱਸੀ ਨੇ ਮਾਨ ਕੌਰ ਦੇ ਮੁਫਤ ਇਲਾਜ ਦੀ ਜ਼ਿੰਮੇਵਾਰੀ ਲਈ ਸੀ। ਮਾਨ ਕੌਰ ਦਾ ਹਸਪਤਾਲ ਵਿੱਚ ਕੁਦਰਤੀ ਤਰੀਕੇ ਨਾਲ ਇਲਾਜ ਕੀਤਾ ਜਾ ਰਿਹਾ ਸੀ। ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ 35 ਮੈਡਲ ਜਿੱਤੇ ਸਨ। COVID-19 ਤੋਂ ਪਹਿਲਾਂ ਤੱਕ ਲਗਾਤਾਰ ਤਗਮੇ ਜਿੱਤ ਕੇ ਤਿਰੰਗੇ ਦਾ ਮਾਣ ਵਧਾਉਂਦੇ ਰਹੇ ਸਨ। ਮਾਨ ਕੌਰ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨ੍ਹਾਂ ਨੂੰ ਸਾਲ 2019 ਵਿੱਚ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ।
ਰਾਸ਼ਟਰਪਤੀ ਭਵਨ ਵਿੱਚ ਮਾਨ ਕੌਰ ਦੇ ਸਨਮਾਨ ਪ੍ਰਾਪਤ ਕਰਨ ਲਈ ਜਿਸ ਗਤੀ ਨਾਲ ਸਟੇਜ ਤੇ ਪਹੁੰਚੇ ਸਨ, ਉਹ ਵੇਖ ਕੇ ਰਾਸ਼ਟਰਪਤੀ ਵੀ ਹੈਰਾਨ ਰਹਿ ਗਏ। ਉਸੇ ਸਮੇਂ, ਪ੍ਰਧਾਨ ਮੰਤਰੀ ਨਿਵਾਸ ‘ਤੇ ਇੱਕ ਮੀਟਿੰਗ ਦੌਰਾਨ, ਪੀਐਮ ਨਰਿੰਦਰ ਮੋਦੀ ਹੱਥ ਜੋੜ ਕੇ ਉਨ੍ਹਾਂ ਦੇ ਸਾਹਮਣੇ ਖੜ੍ਹੇ ਸਨ। ਇਸ ਤੋਂ ਇਲਾਵਾ, ਉਹ ਦੇਸ਼ ਵਿਸ਼ਵ ਦੇ ਅਥਲੀਟਾਂ ਲਈ ਪ੍ਰੇਰਣਾ ਸਰੋਤ ਸਨ। ਮਾਨ ਕੌਰ ਦੇ ਦੇਹਾਂਤ ਨਾਲ ਪੂਰੇ ਪੰਜਾਬ ਵਿਚ ਸੋਗ ਦੀ ਲਹਿਰ ਫੈਲ ਗਈ ਹੈ।