ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਚੰਡੀਗੜ੍ਹ ਵਿੱਚ ਕਰਵਾਏ ਗਏ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਹੋਏ ਕਾਂਗਰਸੀ ਵਰਕਰਾਂ ਨੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੀਆਂ ਸ਼ਰੇਆਮ ਧੱਜੀਆਂ ਉਡਾ ਦਿੱਤੀਆਂ।
ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ਵਿਚ ਕਾਂਗਰਸੀ ਵਰਕਰ ਸ਼ਰਾਬ ਦੀਆਂ ਬੋਤਲਾਂ ਵੰਡਦੇ ਹੋਏ ਦਿਖਾਈ ਦੇ ਰਹੇ ਹਨ। ਇਸ ਘਟਨਾ ਤੋਂ ਬਾਅਦ ਕਾਂਗਰਸ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆ ਗਈ ਹੈ। ਦੂਜੇ ਪਾਸੇ ਜ਼ਿਲ੍ਹਾ ਵਿਕਾਸ ਪੰਚਾਇਤ ਅਫਸਰ (ਡੀਡੀਪੀਓ) ਨੇ ਸ਼ੰਭੂ ਦੇ ਬਲਾਕ ਵਿਕਾਸ ਪੰਚਾਇਤ ਅਫਸਰ (ਬੀਡੀਪੀਓ) ਤੋਂ ਰਿਪੋਰਟ ਮੰਗੀ ਹੈ।
ਡੀਡੀਪੀਓ ਸੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਸ ਨੂੰ ਵੀਰਵਾਰ ਸਵੇਰੇ ਵਾਇਰਲ ਹੋਈ ਵੀਡੀਓ ਮਿਲੀ ਹੈ। ਕੁਝ ਲੋਕ ਇਸ ਵਿਚ ਸ਼ਰਾਬ ਦੀਆਂ ਬੋਤਲਾਂ ਵੰਡ ਰਹੇ ਹਨ। ਫਿਲਹਾਲ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ ਕਿ ਉਹ ਕੌਣ ਹੈ। ਦੂਜੇ ਪਾਸੇ ਸ਼ੰਭੂ ਬਲਾਕ ਦੇ ਬੀਡੀਓ ਸੁਰਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਕਿਸੇ ਅਧਿਕਾਰੀ ਨੇ ਉਨ੍ਹਾਂ ਤੋਂ ਰਿਪੋਰਟ ਨਹੀਂ ਮੰਗੀ ਹੈ। ਪੰਚਾਇਤ ਸੈਕਟਰੀ ਜੋ ਕਿ ਸ਼ਰਾਬ ਵੰਡਣ ਦੀ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ, ਦੇ ਬਾਰੇ ਵਿੱਚ ਉਹਨਾਂ ਕਿਹਾ ਕਿ ਉਹ ਵੀਡੀਓ ਵੇਖਣ ਤੋਂ ਬਾਅਦ ਹੀ ਕੁੱਝ ਕਹਿ ਸਕਦੇ ਹਨ। ਜਿਸ ਪੰਚਾਇਤ ਸਕੱਤਰ ਦਾ ਨਾਂ ਕਿਹਾ ਜਾ ਰਿਹਾ ਹੈ ਉਹ ਉਸ ਦਿਨ ਛੁੱਟੀ ‘ਤੇ ਸੀ। ਫਿਰ ਵੀ, ਉਹ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜ ਦੇਣਗੇ।
ਦੱਸਿਆ ਜਾ ਰਿਹਾ ਹੈ ਕਿ 19 ਤਰੀਕ ਦੀ ਇਹ ਵੀਡੀਓ ਚੰਡੀਗੜ੍ਹ ਵਿੱਚ ਸਿੱਧੂ ਦੇ ਤਾਜਪੋਸ਼ੀ ਸਮਾਗਮ ਤੋਂ ਬਾਅਦ ਕੀਤੀ ਗਈ ਹੈ। ਤਾਜਪੋਸ਼ੀ ਸਮਾਗਮ ਲਈ ਬੱਸ ਕਿਰਾਏ ‘ਤੇ ਲਈ ਗਈ ਸੀ। ਵੀਡੀਓ ਵਿਚ ਦੇਖਿਆ ਗਿਆ ਹੈ ਕਿ ਬੱਸ ਵਿਚੋਂ ਉਤਰਨ ਤੋਂ ਬਾਅਦ ਬੈਗ ਵਿਚ ਰੱਖੀਆਂ ਸ਼ਰਾਬ ਦੀਆਂ ਬੋਤਲਾਂ ਵੰਡ ਦਿੱਤੀਆਂ ਗਈਆਂ। ਬੱਸ ਦੇ ਡਰਾਈਵਰ ਨੂੰ ਸ਼ਰਾਬ ਦੀ ਬੋਤਲ ਦਿੱਤੀ ਗਈ।
ਉਥੇ ਹੀ ਪਿੰਡ ਮੋਹੀ ਦੇ ਸਰਪੰਚ ਤੇ ਕਾਂਗਰਸੀ ਵਰਕਰ ਦਾ ਕਹਿਣਾ ਹੈ ਕਿ ਸਿੱਧੂ ਵੱਲੋਂ ਚੰਡੀਗੜ੍ਹ ਵਿਖੇ ਤਾਜਪੋਸ਼ੀ ਸਮਾਗਮ ਤੋਂ ਪਰਤਣ ਤੋਂ ਬਾਅਦ ਪਾਰਟੀ ਵੱਲੋਂ ਕੋਈ ਸ਼ਰਾਬ ਨਹੀਂ ਵੰਡੀ ਗਈ। ਬਨੂੜ ਅਤੇ ਘਨੌਰ ਖੇਤਰ ਦੇ ਵਰਕਰ ਵੀ ਬੱਸ ਵਿੱਚ ਬੈਠੇ ਸਨ। ਰਸਤੇ ਵਿਚ ਕਿਸੇ ਨੇ ਸ਼ਰਾਬ ਖਰੀਦੀ ਹੋਵੇਗੀ। ਇਹ ਪਾਰਟੀ ਵੱਲੋਂ ਨਹੀਂ ਕੀਤਾ ਗਿਆ।
Comment here