ਜੰਮੂ-ਕਸ਼ਮੀਰ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ । ਇਸ ਵਿਚਾਲੇ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਦੇ ਇੱਕ ਪਿੰਡ ਵਿੱਚ ਬੱਦਲ ਫਟ ਗਿਆ । ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਬੱਦਲ ਫਟਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ ।
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਕਿਸ਼ਤਵਾੜ ਜ਼ਿਲੇ ਦੇ ਹੋਂਜਰ ਖੇਤਰ ਵਿੱਚ ਵਾਪਰਿਆ । ਬੁੱਧਵਾਰ ਸਵੇਰੇ ਕਰੀਬ 4:20 ਵਜੇ ਬੱਦਲ ਫਟਣ ਤੋਂ ਬਾਅਦ ਕਈ ਲੋਕ ਲਾਪਤਾ ਹੋ ਗਏ ਹਨ । ਰਾਹਤ ਅਤੇ ਬਚਾਅ ਕਾਰਜਾਂ ਲਈ ਫੌਜ, ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕਾਰਜ ਜਾਰੀ ਹੈ
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਡਚਨ ਦੇ ਉਸ ਖੇਤਰ ਵਿੱਚ ਵਾਪਰਿਆ ਹੈ ਜਿੱਥੇ ਕੋਈ ਸੜਕ ਨਹੀਂ ਹੈ। ਇਸ ਹਾਦਸੇ ਵਿੱਚ 35 ਲੋਕ ਲਾਪਤਾ ਹਨ। ਇਸ ਵਿਚੋਂ ਹੁਣ ਤੱਕ 4 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।
ਇਸਦੇ ਨਾਲ ਹੀ ਸਥਾਨਕ ਪੁਲਿਸ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਕਿਸ਼ਤਵਾੜ ਵਿੱਚ ਭਾਰੀ ਮੀਂਹ ਦੇ ਮੱਦੇਨਜ਼ਰ ਲੋਕ ਐਸਐਸਪੀ ਕਿਸ਼ਤਵਾੜ 9419119202, Adl.SP ਕਿਸ਼ਤਵਾੜ 9469181254, ਡਿਪਟੀ ਐਸ ਪੀ ਹੈਡਕੁਆਟਰਜ਼ 9622640198 ਐਸਡੀਪੀਓ ਐਥੋਲੀ 9858512348 ‘ਤੇ ਸੰਪਰਕ ਕਰ ਸਕਦੇ ਹਨ।
ਦੱਸ ਦੇਈਏ ਕਿ ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਅਨੁਸਾਰ ਬਚਾਅ ਕਾਰਜ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। SDRF ਦੀ ਟੀਮ ਨੇ ਵੀ ਮੋਰਚਾ ਸੰਭਾਲ ਲਿਆ ਹੈ। ਬੱਦਲ ਫਟਣ ਕਾਰਨ ਕਿਸ਼ਤਵਾੜ ਵਿੱਚ ਕਈ ਘਰ ਨੁਕਸਾਨੇ ਗਏ ਹਨ। ਹੁਣ ਤੱਕ ਚਾਰ ਲਾਸ਼ਾਂ ਬਰਾਮਦ ਹੋਈਆਂ ਹਨ। ਬਾਕੀਆਂ ਦੀ ਭਾਲ ਜਾਰੀ ਹੈ ।