ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਤਾਜਪੋਸ਼ੀ ਦੌਰਾਨ ਜਿਨ੍ਹਾਂ ਤੇਵਰਾਂ ਨਾਲ ਪ੍ਰਦਰਸ਼ਨ ਕੀਤਾ, ਉਸ ਨਾਲ ਪੰਜਾਬ ਕਾਂਗਰਸ ਦੇ ਅੰਦਰ ਦਾ ਕਲੇਸ਼ ਹੋਰ ਵਧਣ ਲੱਗਾ ਹੈ। ਵਿਧਾਇਕ ਰਾਜਕੁਮਾਰ ਵੇਰਕਾ ਨੇ ਸਿੱਧੂ ਖਿਲਾਫ ਮੋਰਚਾ ਖੋਲ੍ਹ ਦਿੱਤਾ ਅਤੇ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਸਿੱਧੂ ਦੇ ਵਤੀਰੇ ਦੀ ਸਖਤ ਅਲੋਚਨਾ ਕੀਤੀ।
ਇਸਦੇ ਨਾਲ ਹੀ ਕਿਸੇ ਦਾ ਨਾਮ ਲਏ ਬਿਨਾਂ ਵੇਰਕਾ ਨੇ ਕੈਬਨਿਟ ਮੰਤਰੀਆਂ ਨੂੰ ਨਿਸ਼ਾਨਾ ਬਣਾਇਆ ਜੋ ਸਿੱਧੂ ਦੀ ਮਹਿਮਾਨ ਨਿਵਾਜ਼ੀ ਵਿੱਚ ਦਿਨ ਰਾਤ ਰੁੱਝੇ ਰਹੇ। ਉਨ੍ਹਾਂ ਨੇ ਕਿਹਾ ਕਿ ਇਹ ਮੰਤਰੀ ਜਿਨ੍ਹਾਂ ਅਹੁਦਿਆਂ ‘ਤੇ ਬੈਠੇ ਹਨ, ਉਹ ਕੈਪਟਨ ਕਾਰਨ ਹਨ।
ਸਿੱਧੂ ਦੇ ਰਵੱਈਏ ਦੀ ਅਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਸਿਰਫ ਕੈਪਟਨ ਕਰਕੇ ਹੀ ਪੰਜਾਬ ਵਿੱਚ ਹੈ ਅਤੇ ਸਾਰਿਆਂ ਨੂੰ ਕੈਪਟਨ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਨੇ ਪੰਜਾਬ ਵਿਚ ਕਾਂਗਰਸ ਨੂੰ ਉਭਾਰਿਆ ਹੈ, ਇਸ ਲਈ ਕੈਪਟਨ ਪੰਜਾਬ ਵਿਚ ਹਾਈਕਮਾਨ ਹੈ ਅਤੇ ਕੈਪਟਨ ਪੰਜਾਬ ਵਿਚ ਕਾਂਗਰਸ ਲਈ ਇਕ ਬੋਹੜ ਦੇ ਦਰੱਖਤ ਵਾਂਗ ਹਨ, ਜਿਸ ਦੀ ਸ਼ਰਨ ਵਿਚ ਬਹੁਤ ਸਾਰੇ ਲੋਕ ਮੰਤਰੀ ਅਹੁਦੇ ਦਾ ਸੁਖ ਭੋਗ ਰਹੇ ਹਨ।
ਵੇਰਕਾ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਨਿਯੁਕਤੀ ਦਾ ਸਾਰਿਆਂ ਨੇ ਸਵਾਗਤ ਕੀਤਾ ਹੈ ਅਤੇ ਸਿੱਧੂ ਦੇ ਪ੍ਰਧਾਨ ਬਣਨ ਨਾਲ ਪੰਜਾਬ ਦੀ ਜਵਾਨੀ ਨੂੰ ਨਵਾਂ ਜੋਸ਼ ਮਿਲੇਗਾ। ਪਰ ਸਿੱਧੂ ਨੇ ਆਪਣੇ ਤਾਜਪੋਸ਼ੀ ਸਮੇਂ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਪ੍ਰਤੀ ਜਿਸ ਤਰ੍ਹਾਂ ਦਾ ਵਤੀਰਾ ਕੀਤਾ ਹੈ ਉਹ ਉਨ੍ਹਾਂ ਨੂੰ ਸੋਭਾ ਨਹੀਂ ਦਿੰਦਾ।
Comment here