ਅਗਲੇ ਸਾਲ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਚੱਲ ਰਿਹਾ ਕਲੇਸ਼ ਹੁਣ ਕੁਝ ਹੱਦ ਤੱਕ ਘੱਟਦਾ ਜਾਪਦਾ ਹੈ । ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਅੱਜ ਯਾਨੀ ਕਿ ਸ਼ੁਕਰਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ।
ਦਰਅਸਲ, ਪੰਜਾਬ ਕਾਂਗਰਸ ਦੇ ਪ੍ਰਧਾਨ ਬਣਦਿਆਂ ਹੀ ਨਵਜੋਤ ਸਿੰਘ ਸਿੱਧੂ ਐਕਸ਼ਨ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਪ੍ਰਧਾਨ ਬਣਦਿਆਂ ਹੀ ਦੇਸ਼ ਦੇ ਕਿਸਾਨਾਂ ਲਈ ਆਵਾਜ਼ ਚੁੱਕਦਿਆਂ ਕਿਹਾ ਕਿ ਅੱਜ ਦੇਸ਼ ਦੇ ਕਿਸਾਨ ਦਿੱਲੀ ਦੀਆਂ ਸੜਕਾਂ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਜੋ ਕਿ ਸਭ ਤੋਂ ਵੱਡਾ ਮੁੱਦਾ ਹੈ।
ਸਿੱਧੂ ਨੇ ਕਿਹਾ ਕਿ ਵਰਕਰਾਂ ਦੇ ਵਿਸ਼ਵਾਸ ਵਿੱਚ ਰੱਬ ਦੀ ਅਵਾਜ਼ ਹੈ, ਅਸੀਂ ਵਰਕਰਾਂ ਦੀ ਆਵਾਜ਼ ਸੁਣਾਂਗੇ । ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਚੋਰਾਂ ਦੀ ਚੋਰੀ ਫੜ੍ਹੀ ਨਾ ਜਾਵੇ ਅਤੇ ਮਹਿੰਗੀ ਬਿਜਲੀ ਕਿਉਂ ਖਰੀਦੀ ਜਾਵੇ।
ਇਸ ਤੋਂ ਇਲਾਵਾ ਨਵਜੋਤ ਸਿੱਧੂ ਨੇ ਕਿਹਾ ਕਿ ਮੇਰੇ ਲਈ ਕੋਈ ਅਹੁਦਾ ਮਸਲਾ ਨਹੀਂ ਰੱਖਦਾ । ਉਨ੍ਹਾਂ ਨੇ ਪੰਜਾਬ ਦੇ ਮਸਲੇ ਗਿਣਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਦਾ ਮਸਲਾ ਹੈ, ਈ. ਟੀ. ਟੀ. ਅਧਿਆਪਕਾਂ ਤੇ ਨਰਸਾਂ ਦਾ ਮਸਲਾ ਹੈ, ਜਿਹੜੇ ਸੜਕਾਂ ’ਤੇ ਰੁੱਲ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਇਨ੍ਹਾਂ ਸਭ ਮਸਲਿਆਂ ਨੂੰ ਹੱਲ ਕਰਨ ਲਈ ਹੀ ਪ੍ਰਧਾਨ ਬਣੇ ਹਨ ਅਤੇ ਜੇਕਰ ਇਹ ਮਸਲੇ ਉਨ੍ਹਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਵੀ ਹੱਲ ਨਾ ਹੋਏ ਤਾਂ ਇਹ ਪ੍ਰਧਾਨਗੀ ਕਿਸ ਕੰਮ ਦੀ ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਉਹ 18 ਸੂਤਰੀ ਏਜੰਡੇ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਇੱਕਜੁੱਟ ਹੈ ਅਤੇ ਜਿਸ ਤਰ੍ਹਾਂ ਅਣੂ ਤੋਂ ਬਿਨ੍ਹਾਂ ਪਰਮਾਣੂ ਅਤੇ ਵਿਅਕਤੀ ਤੋਂ ਬਿਨ੍ਹਾਂ ਸਮਾਜ ਨਹੀਂ ਬਣ ਸਕਦਾ, ਉਸੇ ਤਰ੍ਹਾਂ ਪਾਰਟੀ ਬਿਨ੍ਹਾਂ ਵਰਕਰਾਂ ਦੇ ਨਹੀਂ ਬਣਦੀ। ਇਸ ਤੋਂ ਇਲਾਵਾ ਨਵਜੋਤ ਸਿੱਧੂ ਨੇ ਕੇਂਦਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਵਿਰੋਧੀਆਂ ਦੇ ਬਿਸਤਰੇ ਗੋਲ ਕਰ ਦੇਣਗੇ।
ਦੱਸ ਦੇਈਏ ਕਿ ਤਾਜਪੋਸ਼ੀ ਦੇ ਸਮਾਗਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਨਵਜੋਤ ਸਿੱਧੂ ਨਾਲ ਮੌਜੂਦ ਸਨ, ਜਿੱਥੇ ਦੋਵਾਂ ਨੇ ਸਾਰੇ ਵਰਕਰਾਂ ਵਿੱਚ ਸਟੇਜ ਸਾਂਝੀ ਕੀਤੀ । ਕੈਪਟਨ ਅਮਰਿੰਦਰ ਸਿੰਘ ਨੇ ਇਸ ਦੌਰਾਨ ਕਿਹਾ ਕਿ ਜਦੋਂ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਨਵਜੋਤ ਸਿੱਧੂ ਨੂੰ ਸੂਬਾ ਪ੍ਰਧਾਨ ਬਣਾਇਆ ਜਾਵੇ ਤਾਂ ਮੈਂ ਉਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਨਾਲ ਇਕੱਠੇ ਕੰਮ ਕਰਨ ਦਾ ਭਰੋਸਾ ਦਿੱਤਾ।