ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਨੇ ਕੇਂਦਰ ਸਰਕਾਰ ਦੇ ਦਾਅਵੇ ‘ਤੇ ਸਵਾਲ ਚੁੱਕੇ ਹਨ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਘਾਟ ਕਾਰਨ ਕੋਈ ਮੌਤ ਨਹੀਂ ਹੋਈ। ਪ੍ਰਿਯੰਕਾ ਗਾਂਧੀ ਨੇ ਸਰਕਾਰ ‘ਤੇ ਹਮਲਾ ਕਰਦੇ ਹੋਏ ਕਈ ਦੋਸ਼ ਲਗਾਏ ਸਨ।
ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ, “ਆਕਸੀਜਨ ਦੀ ਘਾਟ ਕਾਰਨ ਕੋਈ ਮੌਤ ਨਹੀਂ ਹੋਈ”: ਕੇਂਦਰ ਸਰਕਾਰ। ਮੌਤ ਇਸ ਲਈ ਹੋਈ ਕਿਉਂਕਿ ਸਰਕਾਰ ਨੇ ਮਹਾਂਮਾਰੀ ਦੇ ਸਾਲ ਵਿੱਚ ਆਕਸੀਜਨ ਦੀ ਬਰਾਮਦ ਵਿੱਚ 700 ਫੀਸਦੀ ਵਾਧਾ ਕੀਤਾ। ਕਿਉਂਕਿ ਸਰਕਾਰ ਨੇ ਆਕਸੀਜਨ ਪਹੁੰਚਾਉਣ ਲਈ ਟੈਂਕਰਾਂ ਦਾ ਪ੍ਰਬੰਧ ਨਹੀਂ ਕੀਤਾ ਸੀ। ਅਧਿਕਾਰਤ ਸਮੂਹ ਅਤੇ ਸੰਸਦੀ ਕਮੇਟੀ ਦੀ ਸਲਾਹ ਨੂੰ ਅਣਗੌਲਿਆਂ ਕਰਦਿਆਂ, ਆਕਸੀਜਨ ਦੇਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ। ਹਸਪਤਾਲਾਂ ਵਿੱਚ ਆਕਸੀਜਨ ਪਲਾਂਟ ਲਗਾਉਣ ‘ਚ ਕੋਈ ਸਰਗਰਮੀ ਨਹੀਂ ਦਿਖਾਈ ਗਈ।” ਦੱਸ ਦੇਈਏ ਕਿ ਮੰਗਲਵਾਰ ਨੂੰ ਰਾਜ ਸਭਾ ਵਿੱਚ ਸਰਕਾਰ ਨੂੰ ਇਹ ਸਵਾਲ ਪੁੱਛਿਆ ਗਿਆ ਸੀ ਕਿ ਆਕਸੀਜਨ ਦੀ ਘਾਟ ਕਾਰਨ ਕਿੰਨੇ ਮਰੀਜ਼ਾਂ ਦੀ ਮੌਤ ਹੋਈ ਹੈ ? ਜਿਸ ਦਾ ਸਰਕਾਰ ਨੇ ਜਵਾਬ ਦਿੱਤਾ ਕਿ ਆਕਸੀਜਨ ਦੀ ਘਾਟ ਕਾਰਨ ਇੱਕ ਵੀ ਮੌਤ ਨਹੀਂ ਹੋਈ।
ਸਿਹਤ ਮੰਤਰੀ ਨੇ ਕਿਹਾ ਕਿ ਰਾਜ ਸਰਕਾਰਾਂ ਡਾਟਾ ਦਿੰਦੀਆਂ ਹਨ, ਅਸੀਂ ਇਸ ਨੂੰ ਕੰਪਾਇਲ ਕਰਕੇ ਪ੍ਰਿੰਟ ਕਰਦੇ ਹਾਂ। ਇਸ ਤੋਂ ਇਲਾਵਾ ਕੇਂਦਰ ਸਰਕਾਰ ਦੀ ਕੋਈ ਹੋਰ ਭੂਮਿਕਾ ਨਹੀਂ ਹੈ, ਇਸ ਦੇ ਜਵਾਬ ਵਿੱਚ ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਸਿਹਤ ਪ੍ਰਣਾਲੀ ਰਾਜਾਂ ਦੇ ਅਧਿਕਾਰ ਖੇਤਰ ਦਾ ਮੁੱਦਾ ਹੈ। ਰਾਜਾਂ ਨੇ ਕੇਂਦਰ ਨੂੰ ਭੇਜੀ ਰਿਪੋਰਟ ਵਿੱਚ ਆਕਸੀਜਨ ਦੀ ਘਾਟ ਕਾਰਨ ਲੋਕਾਂ ਦੀ ਮੌਤ ਦਾ ਜ਼ਿਕਰ ਨਹੀਂ ਕੀਤਾ। ਇਸ ਦਾ ਮਤਲਬ ਹੈ ਕਿ ਕੇਂਦਰ ਸਰਕਾਰ ਨੇ ਵਿਰੋਧੀ ਧਿਰਾਂ ਦੇ ਪ੍ਰਸ਼ਨਾਂ ਦੀ ਜਵਾਬਦੇਹੀ ਨੂੰ ਰਾਜਾਂ ‘ਤੇ ਛੱਡ ਦਿੱਤਾ ਹੈ। ਸਵਾਲ ਇਹ ਵੀ ਹੈ ਕਿ ਰਾਜਾਂ ਨੇ ਆਕਸੀਜਨ ਦੀ ਘਾਟ ਕਾਰਨ ਹੋਈਆਂ ਮੌਤਾਂ ਦੇ ਅੰਕੜੇ ਕੇਂਦਰ ਨੂੰ ਕਿਉਂ ਨਹੀਂ ਦਿੱਤੇ?