ਤਰਨਤਾਰਨ ਪੁਲਿਸ ਨੇ ਸਾਬਕਾ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਅੱਤਵਾਦੀ ਗੁਰਸੇਵਕ ਸਿੰਘ ਬਬਲਾ ਦੇ ਘਰ ਛਾਪਾ ਮਾਰ ਕੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਮੌਕੇ ‘ਤੇ ਸਾਬਕਾ ਅੱਤਵਾਦੀ ਬਬਲਾ ਸਣੇ ਅੱਠ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਅਤੇ ਚਾਰ ਪਿਸਤੌਲਾਂ, ਦੋ ਰਾਈਫਲਾਂ, 30 ਕਾਰਤੂਸ, ਇਕ ਕਿੱਲੋ 550 ਗ੍ਰਾਮ ਹੈਰੋਇਨ ਅਤੇ 22 ਲੱਖ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਇਹ ਪਹਿਲਾ ਮੌਕਾ ਹੈ ਜਦੋਂ ਤਰਨਤਾਰਨ ਪੁਲਿਸ ਨੇ ਸਾਬਕਾ ਅੱਤਵਾਦੀਆਂ, ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨੂੰ ਬੇਨਕਾਬ ਕੀਤਾ ਹੈ।
ਐਸਐਸਪੀ ਧਰੁਮਨ ਐਚ ਨਿੰਬਲੇ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਇੱਕ ਦਿਨ ਪਹਿਲਾਂ ਜਾਣਕਾਰੀ ਮਿਲੀ ਸੀ ਕਿ ਪਿੰਡ ਮਦੀ ਕੰਬੋਕੇ ਦਾ ਰਹਿਣ ਵਾਲਾ ਗੁਰਸੇਵਕ ਸਿੰਘ ਉਰਫ ਬਬਲਾ ਖ਼ਤਰਨਾਕ ਅਪਰਾਧੀ ਹੈ। ਬਬਲਾ ਕੋਈ ਹੋਰ ਨਹੀਂ ਬਲਕਿ 1992 ਵਿੱਚ ਪੇਸ਼ ਹੋਇਆ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦਾ ਸਾਬਕਾ ਅੱਤਵਾਦੀ ਹੈ।
ਥਾਣਾ ਖਾਲੜਾ ਦੇ ਇੰਚਾਰਜ ਇੰਸਪੈਕਟਰ ਤਰਸੇਮ ਸਿੰਘ ਨੇ ਡੀਐਸਪੀ ਰਾਜਬੀਰ ਸਿੰਘ ਦੀ ਅਗਵਾਈ ਵਿੱਚ ਬਬਲਾ ਦੇ ਘਰ ਛਾਪਾ ਮਾਰਿਆ ਅਤੇ ਦੋ ਗੈਂਗਸਟਰਾਂ ਜਗਪ੍ਰੀਤ ਸਿੰਘ ਉਰਫ ਜੱਗਾ ਅਤੇ ਅੰਮ੍ਰਿਤਪ੍ਰੀਤ ਸਿੰਘ ਉਰਫ ਅਮ੍ਰਿਤ (ਵਸਨੀਕ ਹਰੀਕੇ ਪੱਤਣ) ਨੂੰ ਗ੍ਰਿਫ਼ਤਾਰ ਕੀਤਾ।
ਉਨ੍ਹਾਂ ਦੱਸਿਆ ਕਿ ਦੋਵੇਂ ਸਾਲ 2020 ਵਿੱਚ ਹਰੀਕੇ ਵਿੱਚ ਮੱਛੀ ਠੇਕੇਦਾਰ ਮੁਖਤਿਆਰ ਸਿੰਘ ਦੀ ਹੱਤਿਆ ਵਿੱਚ ਭਗੌੜੇ ਸਨ। ਮੁਖਤਿਆਰ ਸਿੰਘ ਦੀ ਹੱਤਿਆ ਤੋਂ ਬਾਅਦ ਦੋਵੇਂ ਗੈਂਗਸਟਰ ਇੱਕ ਮਹੀਨੇ ਤੱਕ ਸਾਬਕਾ ਅੱਤਵਾਦੀ ਬਬਲਾ ਦੇ ਘਰ ਰਹੇ, ਜਿਸ ਤੋਂ ਬਾਅਦ ਬਬਲਾ ਨੇ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਆਪਣੇ ਘਰ ਵਿੱਚ ਇੱਕ ਹਫ਼ਤੇ ਲਈ ਪਨਾਹ ਦਿੱਤੀ। ਸਾਬਕਾ ਅੱਤਵਾਦੀ ਬਬਲਾ ਪੰਜਾਬ ਵਿੱਚ ਲੁੱਟਾਂ-ਖੋਹਾਂ ਅਤੇ ਨਸ਼ਾ ਤਸਕਰੀ ਵਰਗੀਆਂ ਕਈ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਸੀ।
ਐਸਐਸਪੀ ਨਿੰਬਲੇ ਨੇ ਦੱਸਿਆ ਕਿ ਦੋਵਾਂ ਗੈਂਗਸਟਰਾਂ ਤੋਂ ਪੁੱਛਗਿੱਛ ਦੌਰਾਨ ਮੱਛੀ ਠੇਕੇਦਾਰ ਹਰੀਕੇ ਦੇ ਕਤਲ ਮਾਮਲੇ ਦੇ ਬਾਕੀ ਦੋਸ਼ੀਆਂ ਜੋਬਨਜੀਤ ਸਿੰਘ ਨਿਵਾਸੀ ਹਰੀਕੇ, ਸੰਦੀਪ ਸ਼ਿਸ਼ੂ ਪਿੰਡ ਮਰੜ, ਸੰਦੀਪ ਸੋਨੂੰ ਨੇ ਪੰਚਕੂਲਾ ਦੇ ਥਾਣਾ ਪਿੰਜੌਰ ਦੇ ਪਿੰਡ ਗਰਿੰਦਾ ਨਿਵਾਸੀ ਜਗਜੀਤ ਸਿੰਘ ਦੇ ਘਰ ਵਿੱਚ ਪਨਾਹ ਲਈ ਹੋਈ ਸੀ। ਜਿਸ ਤੋਂ ਬਾਅਦ ਸਥਾਨਕ ਪੁਲਿਸ ਨੇ ਪੰਚਕੂਲਾ ਪੁਲਿਸ ਅਤੇ ਚੰਡੀਗੜ ਪੁਲਿਸ ਦੀ ਮਦਦ ਨਾਲ ਉਪਰੋਕਤ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ।
ਪੁੱਛਗਿੱਛ ਦੌਰਾਨ ਅੰਮ੍ਰਿਤਪ੍ਰੀਤ ਸਿੰਘ ਨੇ ਦੱਸਿਆ ਕਿ ਮੱਛੀ ਦੇ ਠੇਕੇਦਾਰ ਦੇ ਕਤਲ ਵਿੱਚ ਵਰਤੀ ਗਈ 30 ਬੋਰ ਦੀ ਇੱਕ ਪਿਸਤੌਲ ਹਰੀਕੇ ਨਿਵਾਸੀ ਹੀਰਾ ਸਿੰਘ ਕੋਲ ਰੱਖੀ ਹੋਈ ਹੈ, ਜਿਸ ’ਤੇ ਪੁਲਿਸ ਨੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਹੀਰਾ ਸਿੰਘ ਤਾਂ ਨਹੀਂ ਮਿਲਿਆ, ਪਰ ਉਸਦਾ ਭਰਾ ਜਸਵੰਤ ਸਿੰਘ ਜੱਸਾ 22 ਲੱਖ ਦੀ ਡਰੱਗ ਮਨੀ ਸਣੇ ਕਾਬੂ ਕਰ ਲਿਆ ਗਿਆ l
ਐਸਐਸਪੀ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਚਾਰ ਪਿਸਤੌਲਾਂ, ਦੋ ਰਾਈਫਲਾਂ, 30 ਕਾਰਤੂਸ, ਇਕ ਕਿਲੋ 550 ਗ੍ਰਾਮ ਹੈਰੋਇਨ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਾਬਕਾ ਅੱਤਵਾਦੀ ਬਬਲਾ ਦੀ ਪਤਨੀ ਮਨਿੰਦਰ ਕੌਰ ਵੀ ਇਸ ਧੰਦੇ ਵਿੱਚ ਸ਼ਾਮਲ ਹੈ। ਮਨਿੰਦਰ ਕੌਰ ਅਤੇ ਹਰੀਕੇ ਨਿਵਾਸੀ ਨਸ਼ਾ ਤਸਕਰ ਹੀਰਾ ਸਿੰਘ ਨੂੰ ਅਜੇ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਇਸ ਮੌਕੇ ਐਸਪੀ ਮਹਿਤਾਬ ਸਿੰਘ ਵਿਰਕ, ਗੁਰਬਾਜ਼ ਸਿੰਘ, ਡੀਐਸਪੀ ਰਾਜਬੀਰ ਸਿੰਘ, ਕਮਲਜੀਤ ਸਿੰਘ ਔਲਖ, ਥਾਣਾ ਖਾਲੜਾ ਇੰਚਾਰਜ ਤਰਸੇਮ ਸਿੰਘ ਵੀ ਮੌਜੂਦ ਸਨ।