Indian PoliticsNationNewsPunjab newsWorld

ਭੋਗਪੁਰ ਸਹਿਕਾਰੀ ਖੰਡ ਮਿੱਲ ਵਿਖੇ 30 ਕਰੋੜ ਰੁਪਏ ਦੀ ਲਾਗਤ ਨਾਲ ਲੱਗੇਗਾ ਬਾਇਓ ਸੀ.ਐਨ.ਜੀ. ਪ੍ਰਾਜੈਕਟ: ਸੁਖਜਿੰਦਰ ਸਿੰਘ ਰੰਧਾਵਾ

ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਆਤਮ ਨਿਰਭਰ ਬਣਾਉਣ ਅਤੇ ਊਰਜਾ ਦੇ ਨਵਿਆਉਣ ਯੋਗ ਸੋਮਿਆਂ ਨੂੰ ਹੁਲਾਰਾ ਦੇਣ ਲਈ ਪਿੜਾਈ ਉਪਰੰਤ ਬਚਦੀ ਗੰਨੇ ਦੀ ਮੈਲ ਤੋਂ ਗਰੀਨ ਐਨਰਜੀ ਦੀ ਪੈਦਾਵਾਰ ਲਈ ਨਿੱਜੀ ਜਨਤਕ ਭਾਈਵਾਲੀ (ਪੀ.ਪੀ.ਪੀ.) ਤਹਿਤ ਸਹਿਕਾਰੀ ਖੰਡ ਮਿੱਲਾਂ ਨੂੰ ਬਾਇਓ ਸੀ.ਐਨ.ਜੀ. ਪ੍ਰਾਜੈਕਟ ਸਥਾਪਤ ਕੀਤੇ ਜਾ ਰਹੇ ਹਨ। ਇਹ ਗੱਲ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਚੰਡੀਗੜ੍ਹ ਸਥਿਤ ਮਾਰਕਫੈਡ ਦਫਤਰ ਵਿਖੇ ਭੋਗਪੁਰ ਸਹਿਕਾਰੀ ਖੰਡ ਮਿੱਲ ਵਿਖੇ ਗੰਨੇ ਦੀ ਮੈਲ ਦੀ ਵਰਤੋਂ ਨਾਲ ਅਜਿਹਾ ਪ੍ਰਾਜੈਕਟ ਲਗਾਉਣ ਹਿੱਤ ਕੰਮ ਸੌਂਪਣ ਦਾ ਪੱਤਰ ਜਾਰੀ ਕਰਨ ਮੌਕੇ ਕੀਤਾ।

ਸ. ਰੰਧਾਵਾ ਨੇ ਦੱਸਿਆ ਕਿ ਕੋ-ਜਨਰੇਸ਼ਨ, ਬਾਇਓ ਉਤਪਾਦਨ ਤੋਂ ਇਲਾਵਾ ਵਾਧੂ ਕਮਾਈ ਵਾਲੇ ਪ੍ਰਾਜੈਕਟਾਂ ਦੀ ਲੜੀ ਵਿੱਚ ਸੂਬੇ ਵਿੱਚ ਲੱਗਣ ਵਾਲਾ ਇਹ ਦੂਜਾ ਪ੍ਰਾਜੈਕਟ ਹੋਵੇਗਾ, ਇਸ ਤੋਂ ਪਹਿਲਾਂ ਬਟਾਲਾ ਸਹਿਕਾਰੀ ਖੰਡ ਮਿੱਲ ਵਿਖੇ ਇਹ ਪ੍ਰਾਜੈਕਟ ਲਗਾਇਆ ਜਾ ਰਿਹਾ ਹੈ। ਮੈਸਰਜ਼ ਆਈ.ਐਸ.ਡੀ. ਇਨਫਰਾਸਟਰਕਾਚਰ ਐਲ.ਐਲ.ਪੀ., ਦਿੱਲੀ ਵੱਲੋਂ ਭੋਗਪੁਰ ਵਿਖੇ 30 ਕਰੋੜ ਦੀ ਲਾਗਤ ਨਾਲ ਲਗਾਏ ਜਾ ਰਹੇ ਇਸ ਪ੍ਰਾਜੈਕਟ ਦੇ ਲੱਗਣ ਨਾਲ ਖੰਡ ਮਿੱਲ ਨੂੰ ਸਾਲਾਨਾ ਘੱਟੋ-ਘੱਟ 75 ਲੱਖ ਰੁਪਏ ਦੀ ਕਮਾਈ ਹੋਵੇਗੀ ਜਿਸ ਵਿੱਚ ਮਿੱਲ ਦੀ ਸਮਰੱਥਾ ਵਿੱਚ ਵਾਧੇ ਦੇ ਅਨੁਪਾਤ ਅਨੁਸਾਰ ਵਾਧਾ ਹੁੰਦਾ ਰਹੇਗਾ। ਸਹਿਕਾਰਤਾ ਮੰਤਰੀ ਨੇ ਅੱਜ ਇਸ ਕੰਪਨੀ ਦੇ ਗਰੁੱਪ ਸੀ.ਐਮ.ਡੀ. ਹਰਜੀਤ ਸਿੰਘ ਚੱਢਾ ਅਤੇ ਨੁਮਾਇੰਦਿਆਂ ਦਲਜੋਤ ਸਿੰਘ ਚੱਢਾ ਤੇ ਗੁਰਵੰਚ ਸਿੰਘ ਚੱਢਾ ਨੂੰ ਕੰਮ ਸੌਂਪਣ ਦਾ ਪੱਤਰ ਸੌਂਪਿਆ।

Automatic Bio CNG Plant/ Biogas Purification and Packaging Plant, Rs  9000000 /unit | ID: 21001049288

ਇਸ ਤੋਂ ਪਹਿਲਾਂ ਬਟਾਲਾ ਵਿਖੇ ਮੈਸਰਜ਼ ਮਾਤਰਾ ਐਨਰਜੀ ਪ੍ਰਾਈਵੇਟ ਲਿਮਟਿਡ ਮੇਰਠ ਵੱਲੋਂ ਬਾਇਓ ਸੀ.ਐਨ.ਜੀ. ਪ੍ਰਾਜੈਕਟ ਲਗਾਇਆ ਜਾ ਰਿਹਾ ਹੈ ਅਤੇ ਮਿੱਲ ਨੂੰ ਸਾਲਾਨਾ ਘੱਟੋ-ਘੱਟ 50 ਲੱਖ ਰੁਪਏ ਕਮਾਈ ਹੋਵੇਗੀ। ਇਨ੍ਹਾਂ ਪ੍ਰਾਜੈਕਟਾਂ ਦੀ ਸਮਰੱਥਾ ਅਨੁਸਾਰ ਰੋਜ਼ਾਨਾ 100 ਟਨ ਪ੍ਰੈਸ ਮੱਡ ਦੀ ਪ੍ਰਾਸੈਸਿੰਗ ਕੀਤੀ ਜਾ ਸਕੇਗੀ। ਸਹਿਕਾਰਤਾ ਮੰਤਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਦੇ ਲੱਗਣ ਨਾਲ ਸਹਿਕਾਰੀ ਖੰਡ ਮਿੱਲਾਂ ਵਿੱਚ ਨਾ ਕੇਵਲ ਗੰਨੇ ਦੀ ਮੈਲ ਦੇ ਨਿਪਟਾਰੇ ਲਈ ਆਉਂਦੀਆਂ ਮੁਸ਼ਕਲਾਂ ਤੋਂ ਰਾਹਤ ਮਿਲੇਗੀ ਬਲਕਿ ਇਸ ਨਾਲ ਮਿੱਲਾਂ ਨੂੰ ਵਾਧੂ ਆਮਦਨ ਦੇ ਨਾਲ-ਨਾਲ ਗਰੀਨ ਐਨਰਜੀ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ। ਗੰਨੇ ਦੀ ਮੈਲ ਤੋਂ ਇਲਾਵਾ ਖੇਤੀਬਾੜੀ ਦੀ ਰਹਿੰਦ ਖੂੰਹਦ ਜਿਵੇਂ ਕਿ ਗੰਨੇ ਦੀ ਆਗ ਪੱਤੀ, ਮੁਰਗੀ ਫਾਰਮਾਂ ਅਤੇ ਸਬਜ਼ੀ ਅਤੇ ਫਲਾਂ ਦੀ ਦੀ ਰਹਿੰਦ-ਖੂੰਹਦ ਅਤੇ ਗੋਬਰ ਆਦਿ ਦਾ ਪ੍ਰਯੋਗ ਕਰਕੇ ਬਾਇਓ ਸੀ.ਐਨ.ਜੀ. (ਗਰੀਨ ਐਨਰਜੀ) ਗੈਸ ਦਾ ਉਤਪਾਦਨ ਕੀਤਾ ਜਾਵੇਗਾ।

ਇਸ ਨਾਲ ਨਾ ਕੇਵਲ ਵਾਤਾਵਰਣ ਸਾਫ ਰੱਖਣ ਵਿੱਚ ਮੱਦਦ ਮਿਲੇਗੀ ਬਲਕਿ ਇਸ ਇਲਾਕੇ ਵਿੱਚ ਵਧੇਰੇ ਰੋਜ਼ਗਾਰ ਦੀ ਉਤਪਤੀ ਤੋਂ ਇਲਾਵਾ ਕਿਸਾਨਾਂ ਅਤੇ ਖੇਤੀਬਾੜੀ ਦੇ ਸਹਿਯੋਗੀ ਧੰਦੇ ਕਰ ਰਹੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਬਾਇਓ ਸੀ.ਐਨ.ਜੀ.ਦੇ ਉਤਪਾਦਨ ਉਪਰੰਤ ਬਚੀ ਰਹਿੰਦ ਖੂੰਹਦ ਦੀ ਜੈਵਿਕ ਖਾਦ ਵੱਜੋਂ ਵਰਤੋਂ ਕੀਤੀ ਜਾਵੇਗੀ। ਇਸ ਪ੍ਰਾਜੈਕਟ ਨੂੰ ਭੋਗਪੁਰ ਸਹਿਕਾਰੀ ਖੰਡ ਮਿੱਲ ਤੋਂ ਇਲਾਵਾ ਨਕੋਦਰ ਤੇ ਨਵਾਂਸ਼ਹਿਰ ਖੰਡ ਮਿੱਲਾਂ ਤੋਂ ਵੀ ਗੰਨੇ ਦੇ ਮੈਲ ਮੁਹੱਈਆ ਕਰਵਾਈ ਜਾਵੇਗੀ।

ਸ਼ੂਗਰਫੈਡ ਦੇ ਚੇਅਰਮੈਨ ਸ. ਅਮਰੀਕ ਸਿੰਘ ਆਲੀਵਾਲ ਨੇ ਅੱਗੇ ਦੱਸਿਆ ਕਿ ਸਹਿਕਾਰੀ ਖੰਡ ਮਿੱਲ ਭੋਗਪੁਰ ਵਿਖੇ ਪਿੜਾਈ ਸੀਜ਼ਨ ਉਪਰੰਤ ਬਗਾਸ, ਪਰਾਲੀ ਅਤੇ ਹੋਰ ਬਾਇਓ ਮਾਸ ਦੀ ਵਰਤੋਂ ਕਰਕੇ ਆਫ ਸੀਜ਼ਨ ਦੌਰਾਨ ਬਿਜਲੀ ਦਾ ਉਤਪਾਦਨ ਕਰਨ ਹਿੱਤ ਯੋਜਨਾ ‘ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਨਾਲ ਖੰਡ ਮਿੱਲ ਦੀ ਆਮਦਨ ਵੀ ਵਧੇਗੀ ਅਤੇ ਪਰਾਲੀ ਸਾੜਨ ਤੋਂ ਹੁੰਦੇ ਪ੍ਰਦੂਸ਼ਣ ਤੋਂ ਨਿਜਾਤ ਮਿਲੇਗੀ। ਇਸ ਤੋਂ ਇਲਾਵਾ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।
ਵਿੱਤ ਕਮਿਸ਼ਨਰ ਸਹਿਕਾਰਤਾ ਕੇ.ਸਿਵਾ ਪ੍ਰਸਾਦ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਦੇਸ਼ ਅਤੇ ਕੌਮਾਂਤਰੀ ਪੱਧਰ ਤੇ ਖੰਡ ਸਨਅਤ ਵਿੱਚ ਆਏ ਮੰਦੇ ਦੇ ਬਾਵਜੂਦ ਸੂਬੇ ਵਿਚਲੀਆਂ ਵਿੱਚਲੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਮੌਜੂਦਾ ਸਮੇਂ ਦੀ ਲੋੜ ਅਨੁਸਾਰ ਸ਼ੂਗਰ ਕੰਪਲੈਕਸਾਂ ਜਿਨ੍ਹਾਂ ਵਿੱਚ ਚੀਨੀ ਦੇ ਉਤਪਾਦਨ ਤੋਂ ਇਲਾਵਾ ਇਥਾਨੋਲ, ਕੋ-ਜੈਨਰੇਸ਼ਨ, ਬਾਇਓ ਸੀ.ਐਨ.ਜੀ. ਅਤੇ ਰਿਫਾਇੰਡ ਸ਼ੂਗਰ ਦਾ ਉਤਪਾਦਨ ਕਰਨ ਦੇ ਪ੍ਰਾਜੈਕਟਾਂ ਵਿੱਚ ਤਬਦੀਲ ਕਰਨ ਲਈ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਗੁਰਦਾਸਪੁਰ ਅਤੇ ਬਟਾਲਾ ਵਿਖੇ ਨਵੇਂ ਸ਼ੂਗਰ ਪਲਾਂਟਾਂ ਅਤੇ ਡਿਸਟਿਲਰੀ ਦੀ ਸਥਾਪਨਾ ਕੀਤੀ ਜਾ ਰਹੀ ਹੈ।

ਸ਼ੂਗਰਫੈਡ ਦੇ ਐਮ.ਡੀ. ਸ੍ਰੀ ਪੁਨੀਤ ਗੋਇਲ ਨੇ ਦੱਸਿਆ ਕਿ ਗੰਨਾ ਕਾਸ਼ਤਕਾਰਾਂ ਨੂੰ ਨਵੀਆਂ ਅਤੇ ਵੱਧ ਝਾੜ ਵਾਲੀਆਂ ਕਿਸਮਾਂ ਦੇ ਸੁੱਧ ਬੀਜ ਦੀ ਉਪਲੱਬਧਤਾ ਤੋਂ ਇਲਾਵਾ ਗੰਨੇ ਦੀ ਕਾਸ਼ਤ ਸਬੰਧੀ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਅਤੇ ਸਿਖਲਾਈ ਦੇਣ ਲਈ ਕਲਾਨੌਰ ਵਿਖੇ ਗੁਰੂ ਨਾਨਕ ਦੇਵ ਗੰਨਾ ਵਿਕਾਸ ਅਤੇ ਖੋਜ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ। ਇਸ ਕੇਂਦਰ ਦਾ ਮੁੱਖ ਮੰਤਵ ਗੰਨੇ ਦੇ ਪ੍ਰਤੀ ਏਕੜ ਝਾੜ ਵਿੱਚ ਵਾਧਾ ਕਰਕੇ ਗੰਨਾਂ ਕਾਸ਼ਤਕਾਰਾਂ ਦੀ ਆਮਦਨ ਵਧਾਉਣ ਦਾ ਰੱਖਿਆ ਗਿਆ ਹੈ।

ਭੋਗਪੁਰ ਸਹਿਕਾਰੀ ਖੰਡ ਮਿੱਲ ਦੇ ਚੇਅਰਮੈਨ ਸ. ਪਰਮਵੀਰ ਸਿੰਘ ਨੇ ਮੁੱਖ ਮੰਤਰੀ, ਸਹਿਕਾਰਤਾ ਮੰਤਰੀ ਤੇ ਸ਼ੂਗਰਫੈਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਉਦਮਾਂ ਸਦਕਾ ਖੰਡ ਮਿੱਲ ਆਤਮ ਨਿਰਭਰ ਹੋਵੇਗੀ ਅਤੇ ਗੰਨਾ ਕਾਸ਼ਤਕਾਰਾਂ ਨੂੰ ਸਿੱਧਾ ਫਾਇਦਾ ਹੋਵੇਗਾ। ਇਸ ਮੌਕੇ ਮਾਰਕਫੈਡ ਦੇ ਐਮ.ਡੀ. ਸ੍ਰੀ ਵਰੁਣ ਰੂਜ਼ਮ, ਮਿਲਕਫੈਡ ਦੇ ਐਮ.ਡੀ. ਸ੍ਰੀ ਕਮਲਦੀਪ ਸਿੰਘ ਸੰਘਾ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ. ਹਰਗੁਣਜੀਤ ਕੌਰ, ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਐਮ.ਡੀ. ਸ੍ਰੀ ਰਾਜੀਵ ਗੁਪਤਾ, ਸ਼ੂਗਰਫੈਡ ਦੇ ਚੀਫ ਇੰਜਨੀਅਰ ਕੰਵਲਜੀਤ ਸਿੰਘ, ਭੋਗਪੁਰ ਸਹਿਕਾਰੀ ਖੰਡ ਮਿੱਲ ਦੇ ਸਮੂਹ ਬੋੋਰਡ ਆਫ ਡਾਇਰੈਕਟਰਜ਼ ਅਤੇ ਜਨਰਲ ਮੈਨੇਜਰ ਅਰੁਣ ਕੁਮਾਰ ਅਰੋੜਾ ਵੀ ਹਾਜ਼ਰ ਸਨ।

Comment here

Verified by MonsterInsights