ਜਿਵੇਂ-ਜਿਵੇਂ ਟੋਕਿਓ ਓਲੰਪਿਕ ਦੀ ਤਰੀਕ ਨੇੜੇ ਆ ਰਹੀ ਹੈ, ਇਸ ਨੂੰ ਲੈ ਕੇ ਰੋਮਾਂਚ ਵੀ ਵੱਧਦਾ ਜਾ ਰਿਹਾ ਹੈ। ਇਸ ਵਾਰ ਬਹੁਤ ਸਾਰੇ ਅਥਲੀਟਾਂ ਤੋਂ ਓਲੰਪਿਕ ਮੈਡਲ ਦੀ ਉਮੀਦ ਰਹੇਗੀ। ਇਸਦੇ ਮੱਦੇਨਜ਼ਰ ਅੱਜ ਯਾਨੀ ਕਿ ਮੰਗਲਵਾਰ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੋਕਿਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਸਾਰੇ ਭਾਰਤੀ ਅਥਲੀਟਾਂ ਨੂੰ ਸੰਬੋਧਿਤ ਕਰਨਗੇ ।
ਇਸ ਦੌਰਾਨ ਪੀਐਮ ਮੋਦੀ ਅਥਲੀਟਾਂ ਦੀ ਯਾਤਰਾ ਤੋਂ ਵੀ ਰੂਬਰੂ ਹੋਣਗੇ । ਇਸ ਸੰਬੋਧਨ ਦਾ ਉਦੇਸ਼ ਟੋਕਿਓ ਓਲੰਪਿਕਸ ਲਈ ਭਾਰਤੀ ਐਥਲੀਟਾਂ ਦੇ ਜੋਸ਼ ਤੇ ਉਨ੍ਹਾਂ ਦਾ ਹੌਂਸਲਾ ਵਧਾਉਣਾ ਹੈ।
ਦਰਅਸਲ, ਇਸ ਸਬੰਧੀ ਪੀਐੱਮ ਮੋਦੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਉਹ ਅੱਜ ਸ਼ਾਮ 5 ਵਜੇ ਟੋਕੀਓ ਓਲੰਪਿਕ ਵਿੱਚ ਕੁਆਲੀਫਾਈ ਕਰ ਚੁੱਕੇ ਭਾਰਤੀ ਐਥਲੀਟਾਂ ਨਾਲ ਮੁਲਾਕਾਤ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਪੀਐਮ ਮੋਦੀ ਅਤੇ ਐਥਲੀਟਾਂ ਵਿਚਾਲੇ ਇਹ ਗੱਲਬਾਤ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇਗੀ ।
ਦਰਅਸਲ, ਟੋਕਿਓ ਓਲੰਪਿਕ ਵਿੱਚ ਭਾਰਤੀ ਖਿਡਾਰੀ ਕੁੱਲ 18 ਖੇਡਾਂ ਵਿੱਚ ਹਿੱਸਾ ਲੈਣਗੇ । ਇਸ ਵਾਰ ਐਥਲੀਟਾਂ ਦੀ ਕੁੱਲ ਗਿਣਤੀ 126 ਹੈ ਜੋ ਕਿ ਭਾਰਤ ਵੱਲੋਂ ਕਿਸੇ ਵੀ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਐਥਲੀਟਾਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ।
ਭਾਰਤ ਨੂੰ ਟੋਕਿਓ ਵਿੱਚ ਸਭ ਤੋਂ ਵੱਧ ਤਗ਼ਮੇ ਦੀਆਂ ਉਮੀਦਾਂ ਸ਼ੂਟਿੰਗ, ਤੀਰਅੰਦਾਜ਼ੀ ਅਤੇ ਕੁਸ਼ਤੀ ਰਗੇ ਈਵੈਂਟ ਵਿੱਚ ਹੈ। ਭਾਰਤ ਦੀ ਮਹਿਲਾ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਟੋਕਿਓ ਓਲੰਪਿਕ ਤੋਂ ਠੀਕ ਪਹਿਲਾਂ ਵਿਸ਼ਵ ਦੀ ਪਹਿਲੇ ਨੰਬਰ ਦੀ ਖਿਡਾਰਨ ਬਣ ਕੇ ਤਗਮੇ ਦੀਆਂ ਉਮੀਦਾਂ ਨੂੰ ਵਧਾ ਦਿੱਤਾ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਟੋਕਿਓ ਓਲੰਪਿਕ ਵਿੱਚ ਭਾਰਤੀ ਖਿਡਾਰੀਆਂ ਦੀਆਂ ਸਹੂਲਤਾਂ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਸੀ । ਉਨ੍ਹਾਂ ਨੇ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਕੁਝ ਐਥਲੀਟਾਂ ਦੀਆਂ ਪ੍ਰੇਰਣਾਦਾਇਕ ਯਾਤਰਾਵਾਂ ਦਾ ਵੀ ਜ਼ਿਕਰ ਕੀਤਾ ਸੀ। ਇਸਦੇ ਨਾਲ ਹੀ ਉਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਅੱਗੇ ਆ ਕੇ ਓਲੰਪਿਕ ਵਿੱਚ ਹਿੱਸਾ ਲੈਣ ਜਾ ਰਹੇ ਖਿਡਾਰੀਆਂ ਦਾ ਤਨਦੇਹੀ ਨਾਲ ਸਮਰਥਨ ਕਰਨ ਦਾ ਸੱਦਾ ਵੀ ਦਿੱਤਾ ਸੀ।