ਮਾਨਸੂਨ ਨੇ ਦਿੱਲੀ-ਐਨਸੀਆਰ ਵਿੱਚ ਦਸਤਕ ਦਿੱਤੀ ਹੈ । ਮੌਸਮ ਵਿਭਾਗ ਅਨੁਸਾਰ ਦਿੱਲੀ ਅਤੇ ਗੁਰੂਗ੍ਰਾਮ ਵਿੱਚ ਮਾਨਸੂਨ ਦਾਖਲ ਹੋ ਗਿਆ ਹੈ । ਮੰਗਲਵਾਰ ਸਵੇਰੇ ਦਿੱਲੀ-ਐਨਸੀਆਰ ਵਿੱਚ ਬਾਰਿਸ਼ ਹੋਈ ਜਿਸ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ।
ਇਸ ਬਾਰਿਸ਼ ਅਤੇ ਠੰਡੀਆਂ ਹਵਾਵਾਂ ਕਾਰਨ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ । ਪਿਛਲੇ ਕਈ ਦਿਨਾਂ ਤੋਂ ਗਰਮੀ ਦੀ ਗਰਮੀ ਨੇ ਲੋਕਾਂ ਨੂੰ ਬੇਹਾਲ ਕਰ ਕੇ ਰੱਖਿਆ ਸੀ।
ਦਿੱਲੀ ਵਿੱਚ ਮਾਨਸੂਨ ਦੀ ਦਸਤਕ ਦੇ ਨਾਲ ਹੀ ਬਰਸਾਤੀ ਮੌਸਮ ਦੌਰਾਨ ਪੈਦਾ ਹੋਣ ਵਾਲੀਆਂ ਮੁਸ਼ਕਿਲਾਂ ਵੀ ਸਾਹਮਣੇ ਆਉਣ ਲੱਗ ਪਈਆਂ ਹਨ । ਮੰਗਲਵਾਰ ਸਵੇਰੇ 7 ਵਜੇ ਤੋਂ ਸਵੇਰੇ 8.30 ਵਜੇ ਤੱਕ ਹੋਈ ਬਾਰਿਸ਼ ਕਾਰਨ ਪੂਰੀ ਦਿੱਲੀ ਪਾਣੀ ਵਿੱਚ ਡੁੱਬ ਗਈ। ਕਈ ਜਗ੍ਹਾ ਸੜਕਾਂ ‘ਤੇ ਪਾਣੀ ਭਰ ਗਿਆ। ਇਸ ਦੌਰਾਨ ਸਫਦਰਜੰਗ ਵਿੱਚ 2.5 ਮਿਲੀਮੀਟਰ, ਆਯਾਨਗਰ ਵਿੱਚ 1.3 ਮਿਲੀਮੀਟਰ, ਪਾਲਮ 2.4 ਮਿਲੀਮੀਟਰ, ਰਿਜ ਖੇਤਰ ਵਿੱਚ 1.0 ਮਿਲੀਮੀਟਰ ਅਤੇ ਲੋਧੀ ਰੋਡ ਵਿੱਚ 1.94 ਮਿਲੀਮੀਟਰ ਬਾਰਿਸ਼ ਹੋਈ।
ਦਰਅਸਲ, ਦਿੱਲੀ ਵਿੱਚ ਹੋਈ ਬਾਰਿਸ਼ ਤੋਂ ਬਾਅਦ ਮਯੂਰ ਵਿਹਾਰ ਅਤੇ ਅਕਸ਼ਰਧਾਮ ਵਿੱਚ ਲੰਬਾ ਜਾਮ ਰਿਹਾ । ਮੇਰਠ ਐਕਸਪ੍ਰੈਸ ਵੇਅ ‘ਤੇ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਵੇਖੀਆਂ ਗਈਆਂ । ਭਾਰੀ ਬਾਰਿਸ਼ ਤੋਂ ਬਾਅਦ ਕਈ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਨ ਦਿੱਲੀ ਦੀਆਂ ਸੜਕਾਂ ‘ਤੇ ਜਾਮ ਲੱਗ ਗਿਆ । ਮਥੁਰਾ ਰੋਡ ‘ਤੇ ਪਾਣੀ ਭਰ ਜਾਣ ਕਾਰਨ ਟ੍ਰੈਫਿਕ ਜਾਮ ਰਿਹਾ।
ਦੱਸ ਦੇਈਏ ਕਿ ਮੌਸਮ ਵਿਭਾਗ ਵੱਲੋਂ ਅੱਜ ਮਹਾਰਾਸ਼ਟਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਦੀ ਚੇਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਵੱਲੋਂ ਮੀਂਹ ਦੀ ਤੀਬਰਤਾ ਦੇ ਮੱਦੇਨਜ਼ਰ ਵੱਖ-ਵੱਖ ਹਿੱਸਿਆਂ ਵਿੱਚ ਰੈੱਡ, ਯੈਲੋ ਤੇ ਓਰੇਂਜ ਅਲਰਟ ਜਾਰੀ ਕੀਤੇ ਗਏ ਹਨ।