ਦੇਸ਼ ਵਿੱਚ ਕੋਰੋਨਾ ਦੀ ਰਫ਼ਤਾਰ ਘੱਟ ਗਈ ਹੈ । ਜਿਸਦੇ ਮੱਦੇਨਜ਼ਰ ਸੂਬਾ ਸਰਕਾਰਾਂ ਵੱਲੋਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ । ਇਸੇ ਵਿਚਾਲੇ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਵੱਲੋਂ ਰਾਜ ਵਿੱਚ ਬੰਦ ਸਕੂਲ ਖੋਲ੍ਹਣ ਦਾ ਵੱਡਾ ਫੈਸਲਾ ਲਿਆ ਗਿਆ ਹੈ ।
ਇਸ ਦੇ ਤਹਿਤ ਸਿੱਖਿਆ ਵਿਭਾਗ ਨੇ ਹਰਿਆਣਾ ਵਿੱਚ 16 ਜੁਲਾਈ ਤੋਂ 9ਵੀਂ ਤੋਂ 12ਵੀਂ ਤੱਕ ਦੀਆਂ ਕਲਾਸਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ । ਜਦੋਂਕਿ 23 ਜੁਲਾਈ ਤੋਂ ਸਕੂਲ 6ਵੀਂ ਤੋਂ 8ਵੀਂ ਜਮਾਤ ਲਈ ਖੁੱਲ੍ਹਣਗੇ । ਇਸ ਤੋਂ ਇਲਾਵਾ ਸਕੂਲਾਂ ਵਿੱਚ ਆਨਲਾਈਨ ਪੜ੍ਹਾਈ ਵੀ ਜਾਰੀ ਰਹੇਗੀ । ਸਰਕਾਰ ਵੱਲੋਂ ਇਹ ਕਿਹਾ ਗਿਆ ਹੈ ਕਿ ਸਕੂਲ ਖੁੱਲ੍ਹਣ ‘ਤੇ ਕਲਾਸਾਂ ਲਗਾਉਣ ਲਈ ਮਾਪਿਆਂ ਦੀ ਇਜਾਜ਼ਤ ਜ਼ਰੂਰੀ ਹੋਵੇਗੀ ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀਰਵਾਰ ਨੂੰ ਰਾਸ਼ਟਰੀ ਸਿੱਖਿਆ ਨੀਤੀ ਦੇ ਸਬੰਧ ਵਿੱਚ ਇੱਕ ਸਮੀਖਿਆ ਬੈਠਕ ਕੀਤੀ ਸੀ । ਇਸ ਵਿੱਚ ਸਕੂਲ ਮੁੜ ਖੋਲ੍ਹਣ ਬਾਰੇ ਵਿਚਾਰ-ਵਟਾਂਦਰੇ ਕੀਤੇ ਗਏ । ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਦਾ ਗ੍ਰਾਫ ਹੇਠਾਂ ਆ ਗਿਆ ਹੈ । ਇਸ ਲਈ ਹੁਣ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਕੂਲ ਅਤੇ ਕਾਲਜ ਖੋਲ੍ਹੇ ਜਾਣੇ ਚਾਹੀਦੇ ਹਨ। ਘੱਟ ਹੋਏ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ਦੇ ਮੱਦੇਨਜ਼ਰ ਜਲਦੀ ਤੋਂ ਜਲਦੀ ਖੋਲ੍ਹਣ ਦੀ ਯੋਜਨਾ ਬਣਾਈ ਜਾਣੀ ਚਾਹੀਦੀ ਹੈ ।
ਇਸ ਸਬੰਧੀ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਦੱਸਿਆ ਕਿ 16 ਜੁਲਾਈ ਤੋਂ 9ਵੀਂ ਤੋਂ 12ਵੀਂ ਜਮਾਤ ਦੇ ਸਕੂਲ ਸਮਾਜਿਕ ਦੂਰੀਆਂ ਨਾਲ ਫਿਰ ਤੋਂ ਖੋਲ੍ਹੇ ਜਾਣਗੇ । ਜੇ ਸਥਿਤੀ ਸਧਾਰਣ ਰਹਿੰਦੀ ਹੈ ਤਾਂ ਹੋਰ ਕਲਾਸਾਂ ਲਈ ਸਕੂਲ ਖੁੱਲ੍ਹਣਗੇ ।
ਦੱਸ ਦੇਈਏ ਕਿ ਹਰਿਆਣਾ ਸਣੇ ਦੇਸ਼ ਭਰ ਵਿੱਚ ਕੋਰੋਨਾ ਸੰਕ੍ਰਮਣ ਦੇ ਚੱਲਦਿਆਂ ਸਕੂਲ ਅਤੇ ਕਾਲਜ ਬੰਦ ਹਨ । ਹਾਲਾਂਕਿ, ਕੁਝ ਥਾਵਾਂ ‘ਤੇ ਕੋਵਿਡ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਦਿਆਂ ਸਕੂਲ ਖੋਲ੍ਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਵੀ ਰਾਜ ਵਿੱਚ ਸਕੂਲਾਂ ਨੂੰ ਮੁੜ ਖੋਲ੍ਹਣ ਦਾ ਐਲਾਨ ਵੀ ਕੀਤਾ ਗਿਆ ਹੈ ।
Comment here