Site icon SMZ NEWS

ਪੰਜਾਬਣ ਮੁਟਿਆਰਾਂ ਨੇ ਵਿਦੇਸ਼ ‘ਚ ਪੰਜਾਬੀਆਂ ਦਾ ਨਾਂ ਕੀਤਾ ਰੌਸ਼ਨ, ਸਰੀ ਪੁਲਿਸ ਵਿਚ ਮਿਲੇ ਅਹਿਮ ਅਹੁਦੇ

ਵਿਦੇਸ਼ਾਂ ‘ਚ ਪੰਜਾਬੀ ਜਿਥੇ ਆਪਣੀ ਸਖਤ ਮਿਹਨਤ ਲਈ ਜਾਣੇ ਜਾਂਦੇ ਹਨ ਉਥੇ ਦੂਜੇ ਪਾਸੇ ਪੰਜਾਬੀਆਂ ਨੇ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਦੇ ਹੋਏ ਤਰੱਕੀ ਦੇ ਕਈ ਮੁਕਾਮ ਹਾਸਲ ਕੀਤੇ ਹਨ। ਅਜਿਹੀ ਹੀ ਉਪਲਬਧੀ ਦੋ ਪੰਜਾਬਣ ਮੁਟਿਆਰਾਂ ਨੇ ਵਿਦੇਸ਼ਾਂ ਦੀ ਧਰਤੀ ‘ਤੇ ਹਾਸਲ ਕੀਤੀ ਹੈ।

ਜਸਪ੍ਰੀਤ ਜੈਸੀ ਸੁੰਨੜ ਅਤੇ ਮਾਨਵ ਗਿੱਲ ਨੂੰ ਕੈਨੇਡਾ ਦੇ ਸਰੀ ਵਿਚ ਪੁਲਿਸ ਬੋਰਡ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ, ਜਿਸ ਨਾਲ ਪੰਜਾਬੀਆਂ ਦਾ ਨਾਂ ਰੌਸ਼ਨ ਹੋਇਆ ਹੈ। ਮਾਨਵ ਗਿੱਲ ਦੀ ਨਿਯੁਕਤੀ ਦੀ ਮਿਆਦ 31 ਦਸੰਬਰ, 2022 ਤੱਕ ਰਹੇਗੀ ਅਤੇ ਜਸਪ੍ਰੀਤ ਸੁੰਨੜ ਦੀ ਨਿਯੁਕਤੀ 30 ਜੂਨ 2023 ਤੱਕ ਕੀਤੀ ਗਈ ਹੈ। ਜਸਪ੍ਰੀਤ ਜੱਸੀ ਹਸਪਤਾਲ ਕਰਮਚਾਰੀ ਯੂਨੀਅਨ ਲਈ ਇਨ-ਹਾਊਸ ਕਾਨੂੰਨੀ ਸਲਾਹਕਾਰ ਹੈ, ਉਹ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਵਿਚ ਮਾਹਿਰ ਹੈ। ਹਾਲ ਦੀ ਘੜੀ ਜਸਪ੍ਰੀਤ ਜੱਸੀ ਵੂਮੈਨਸ ਸੈਂਟਰ ਦੇ ਬੋਰਡਾਂ ਅਤੇ ਕੈਨੇਡਾ ਵਿਚ ਸੰਯੁਕਤ ਰਾਸ਼ਟਰ ਸੰਘ (ਵੈਨਕੂਵਰ ਬ੍ਰਾਂਚ) ਵਿਚ ਸੇਵਾ ਨਿਭਾ ਰਹੀ ਹੈ। ਉਸ ਨੇ ਬੈਂਕਾਕ (ਥਾਈਲੈਂਡ) ਵਿਚ ਸੰਯੁਕਤ ਰਾਸ਼ਟਰ ਦੇ ਦਫਤਰ ਅਤੇ ਨਸ਼ਾ ਤੇ ਅਪਰਾਧ ਨਾਲ ਵੀ ਕੰਮ ਕੀਤਾ ਹੈ। ਉਹ ਕੈਨੇਡੀਅਨ ਬਾਰ ਐਸੋਸੀਏਸ਼ਨ ਬੀ. ਸੀ. ਫੈਮਿਲੀ ਲਾਅ ਸੈਕਸ਼ਨ ਐਗਜ਼ੀਕਿਊਟਿਵ ‘ਚ ਸੇਵਾ ਨਿਭਾ ਚੁੱਕੀ ਹੈ।

ਇਸੇ ਤਰ੍ਹਾਂ ਮਾਨਵ ਗਿੱਲ ਫਰੇਜ਼ਰ ਹੈਲਥ ਵਿਚ ਕਲੀਨਿਕਲ ਆਪ੍ਰੇਸ਼ਨ ਦੇ ਮੈਨੇਜਰ ਹੈ। ਸਿਹਤ ਸੁਰੱਖਿਆ ਖੇਤਰ ਵਿਚ ਉਸ ਨੂੰ ਵਿਸ਼ਾਲ ਤਜਰਬਾ ਹੈ। ਉਹ ਬੀ.ਸੀ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਲਈ ਜਨਤਕ ਸਿਹਤ ਪ੍ਰਬੰਧਕ ਵੀ ਰਹੀ ਹੈ। ਮਾਨਵ ਗਿੱਲ ਨੇ ਵਿਕਟੋਰੀਆ ਯੂਨੀਵਰਸਿਟੀ ਤੋਂ ਬੀ.ਐਸ.ਸੀ. (ਨਰਸਿੰਗ) ਕੀਤੀ ਹੈ ਅਤੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ (ਯੂ.ਬੀ.ਸੀ.) ਤੋਂ ਮਾਸਟਰ ਆਫ਼ ਹੈਲਥ ਐਡਮਨਿਸਟ੍ਰੇਸ਼ਨ ਕੀਤੀ ਹੋਈ ਹੈ ਤੇ ਆਪਣੀਆਂ ਉਪਲਬਧੀਆਂ ਦੇ ਆਧਾਰ ‘ਤੇ ਦੋਵੇਂ ਪੰਜਾਬਣ ਮੁਟਿਆਰਾਂ ਨੂੰ ਕੈਨੇਡਾ ਦੀ ਸਰੀ ਵਿਚ ਪੁਲਿਸ ਬੋਰਡ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।

Exit mobile version