ਪੰਜਾਬ ਵਿੱਚ ਅੱਗ ਵਰ੍ਹਾਉਂਦੀ ਗਰਮੀ ਪੈ ਰਹੀ ਹੈ ਉੱਤੋਂ ਝੋਨੇ ਦਾ ਸੀਜ਼ਨ ਹੈ। ਇੱਕ ਤਾਂ ਪਹਿਲਾਂ ਹੀ ਪੰਜਾਬੀਆਂ ਤੇ ਕਿਸਾਨਾਂ ਨੂੰ ਬਿਜਲੀ ਕੱਟਾਂ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ, ਦੂਜੇ ਪਾਸੇ ਕੋਈ ਹੱਲ ਤਾਂ ਕੀ ਹੋਣਾ, ਬਿਜਲੀ ਸੰਕਟ ਨੂੰ ਲੈ ਕੇ ਹੋਰ ਹੀ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਦਰਅਸਲ ਪੰਜਾਬ ਦੇ ਥਰਮਲ ਪਲਾਂਟਾਂ ਦੀਆਂ ਦੋ ਹੋਰ ਯੂਨਿਟਾਂ ਬੰਦ ਹੋ ਗਈਆਂ ਹਨ।
ਪੰਜਾਬ ਸਰਕਾਰ ਦੇ ਆਪਣੇ ਥਰਮਲ ਪਾਵਰ ਪਲਾਂਟ ਦੇ ਦੋ ਯੂਨਿਟ ਬੰਦ ਹੋਣ ਕਾਰਨ ਬਿਜਲੀ ਸੰਕਟ ਹੋਰ ਗਹਿਰਾ ਹੋ ਗਿਆ ਹੈ । ਰੋਪੜ ਵਿਖੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ ਦੀ 210 ਮੈਗਾਵਾਟ ਦੀ ਇਕਾਈ ਅਤੇ ਲਹਿਰਾ ਮੁਹੱਬਤ ਵਿਖੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੀ ਇਕ ਹੋਰ 210 ਮੈਗਾਵਾਟ ਦੀ ਯੂਨਿਟ ਨੂੰ ਤਕਨੀਕੀ ਕਾਰਨਾਂ ਕਰਕੇ ਉਨ੍ਹਾਂ ਨੂੰ ਬੰਦ ਕਰਨਾ ਪਿਆ ਹੈ ।
ਦੱਸਣਯੋਗ ਹੈ ਕਿ ਗਰਮੀ ਤੇ ਝੋਨੇ ਦਾ ਸੀਜ਼ਨ ਹੋਣ ਕਰਕੇ ਬਿਜਲੀ ਦੀ ਮੰਗ 13000 ਮੇਗਾਵਟ ਤੋਂ ਵੱਧ ਹੋ ਗਈ ਹੈ। ਬਿਜਲੀ ਵਿਭਾਗ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਤੋਂ ਬਿਜਲੀ ਉਤਪਾਦਨ ਵਧਾਉਣ ਲਈ ਕਿਹਾ ਹੈ। ਦੂਜੇ ਪਾਸੇ ਤਲਵੰਡੀ ਸਾਬੋ ਸਥਿਤ ਪਾਵਰ ਪਲਾਂਟ ਦੀ ਤੀਸਰੀ ਯੂਨਿਟ ਵਿੱਚ ਵੀ ਖਰਾਬੀ ਆ ਗਈ ਹੈ।
ਪੰਜਾਬ ਵਿੱਚ ਵੱਧ ਰਹੇ ਬਿਜਲੀ ਸੰਕਟ ਕਰਕੇ ਦੇਰ ਰਾਤ ਵੱਡਾ ਫੈਸਲਾ ਲੈਂਦੇ ਹੋਏ ਇੰਡਸਟਰੀ ‘ਤੇ 11 ਜੁਲਾਈ ਤੱਕ ਬਿਜਲੀ ਦੀ ਵਰਤੋਂ ਕਰਨ ‘ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। PSPCL ਵੱਲੋਂ ਉਦਯੋਗਾਂ ਨੂੰ ਸਿਰਫ ਸੀਮਤ ਲੋਡ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਵਿਭਾਗ ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ ਕਰਨ ‘ਤੇ ਪ੍ਰਤੀ ਦਿਨ ਵੱਧ ਤੋਂ ਵੱਧ ਲੋਡ ਆਉਣ ‘ਤੇ ਪ੍ਰਤੀ ਕੇ.ਵੀ.ਏ. ਤੋਂ ਵੱਧ ਕੇ 500 ਰੁਪਏ ਜੁਰਮਾਨਾ ਲਗਾਇਆ ਜਾਵੇਗਾ ।
Comment here