Site icon SMZ NEWS

ਕੋਰੋਨਾ ਮਹਾਂਮਾਰੀ ਦੇ ਖਤਰਨਾਕ ਮੋੜ ‘ਤੇ ਦੁਨੀਆ, ਮੌਤਾਂ ਦਾ ਅੰਕੜਾ 40 ਲੱਖ ਦੇ ਪਾਰ: WHO

ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਤਾਂਡਵ ਜਾਰੀ ਹੈ। ਇਸ ਮਹਾਂਮਾਰੀ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ 40 ਲੱਖ ਤੋਂ ਪਾਰ ਹੋ ਗਈ ਹੈ । ਹੁਣ ਤੱਕ, ਵਿਸ਼ਵ ਭਰ ਵਿੱਚ 18 ਕਰੋੜ ਤੋਂ ਵੱਧ ਦੀ ਆਬਾਦੀ ਕੋਰੋਨਾ ਦੀ ਚਪੇਟ ਵਿੱਚ ਆ ਚੁੱਕੀ ਹੈ।

WHO on corona death toll

ਹਾਲਾਂਕਿ ਭਾਰਤ ਸਣੇ ਕਈ ਦੇਸ਼ਾਂ ਵਿੱਚ ਕੋਰੋਨਾ ਮਾਮਲੇ ਘੱਟ ਰਹੇ ਹਨ ਪਰ ਦੁਨੀਆ ਵਿੱਚ ਹਾਲੇ ਵੀ ਇੱਕ ਕਰੋੜ ਤੋਂ ਵੱਧ ਸਰਗਰਮ ਮਾਮਲੇ ਸਾਹਮਣੇ ਆ ਰਹੇ ਹਨ ਜੋ ਚਿੰਤਾ ਦਾ ਵਿਸ਼ਾ ਹੈ । ਵਿਸ਼ਵ ਭਰ ਦੇ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਦੇ ਸਾਹਮਣੇ ਆਉਣ ਨਾਲ ਚਿੰਤਾਵਾਂ ਵਿੱਚ ਹੋਰ ਵਾਧਾ ਹੋ ਗਿਆ ਹੈ ।

ਦਰਅਸਲ, ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਕੋਰੋਨਾ ਕਾਰਨ ਹੋਈਆਂ 40 ਲੱਖ ਮੌਤਾਂ ‘ਤੇ ਆਪਣਾ ਬਿਆਨ ਜਾਰੀ ਕੀਤਾ ਗਿਆ ਹੈ । ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਮਹਾਂਮਾਰੀ ਵਿੱਚ ਦੁਨੀਆ ਇੱਕ ਖ਼ਤਰਨਾਕ ਸਥਿਤੀ ਵਿੱਚ ਹੈ । ਹੁਣ ਤੱਕ ਦੁਨੀਆ ਵਿੱਚ 40 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ।

ਉਨ੍ਹਾਂ ਕਿਹਾ ਕਿ ਕੁਝ ਦੇਸ਼ਾਂ ਵਿੱਚ ਜਿੱਥੇ ਕੋਰੋਨਾ ਵਿਰੁੱਧ ਟੀਕਾਕਰਨ ਤੇਜ਼ੀ ਨਾਲ ਕੀਤਾ ਗਿਆ ਸੀ, ਲੋਕ ਸਮਝਣ ਲੱਗ ਪਏ ਕਿ ਉੱਥੇ ਕੋਰੋਨਾ ਮਹਾਂਮਾਰੀ ਖਤਮ ਹੋ ਗਈ ਹੈ । ਇਸਦੇ ਨਾਲ ਹੀ ਘੱਟ ਟੀਕਾਕਰਨ ਵਾਲੇ ਦੇਸ਼ਾਂ ਵਿੱਚ ਕੋਰੋਨਾ ਦੇ ਮਾਮਲੇ ਇੱਕ ਵਾਰ ਫਿਰ ਵੱਧਣੇ ਸ਼ੁਰੂ ਹੋ ਗਏ ਹਨ ।

WHO on corona death toll

WHO ਦੇ ਮੁਖੀ ਟੇਡਰੋਸ ਨੇ ਕਿਹਾ ਕਿ ਵਿਸ਼ਵ ਕੋਰੋਨਾ ਮਹਾਂਮਾਰੀ ਦੇ ਇੱਕ ਖ਼ਤਰਨਾਕ ਮੋੜ ‘ਤੇ ਹੈ। ਉਨ੍ਹਾਂ ਕਿਹਾ ਕਿ 40 ਲੱਖ ਦਾ ਅੰਕੜਾ ਮੌਤਾਂ ਦੀ ਅਸਲ ਗਿਣਤੀ ਤੋਂ ਘੱਟ ਹੈ । ਇਸ ਦੌਰਾਨ ਉਨ੍ਹਾਂ ਨੇ ਵੈਕਸੀਨ ਤੇ ਸੁਰੱਖਿਆ ਉਪਕਰਣਾਂ ਦੀ ਜਮ੍ਹਾਖੋਰੀ ਕਰ ਰਹੇ ਅਮੀਰ ਦੇਸ਼ਾਂ ਦੀ ਅਲੋਚਨਾ ਕੀਤੀ ।

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਵਿਸ਼ਵ ਦੇ ਹਰ ਕੋਨੇ ਵਿੱਚ ਬਹੁਤ ਸਾਰੇ ਦੇਸ਼ ਤੇਜ਼ੀ ਨਾਲ ਵੱਧ ਰਹੇ ਵਾਇਰਸ ਦੇ ਵੈਰੀਐਂਟ ਅਤੇ ਘੱਟ ਟੀਕਾਕਰਨ ਦੇ ਕਾਰਨ ਮਾਮਲਿਆਂ ਅਤੇ ਹਸਪਤਾਲ ਵਿੱਚ ਦਾਖਲ ਹੋਣ ਵਿੱਚ ਤੇਜ਼ੀ ਨਾਲ ਵਾਧਾ ਦੇਖਿਆ ਜਾ ਰਿਹਾ ਹੈ।

WHO on corona death toll

ਦੱਸ ਦੇਈਏ ਕਿ ਦੁਨੀਆ ਭਰ ਦੇ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਦੇਸ਼ਾਂ ਦੀ ਗੱਲ ਕਰੀਏ ਤਾਂ ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਅਮਰੀਕਾ ਵਿੱਚ ਕੋਰੋਨਾ ਦੀ ਲਾਗ ਦੇ ਮਾਮਲਿਆਂ ਦੀ ਗਿਣਤੀ ਤਕਰੀਬਨ ਸਾਢੇ ਤਿੰਨ ਕਰੋੜ ਤੱਕ ਪਹੁੰਚ ਗਈ ਹੈ ਅਤੇ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਛੇ ਲੱਖ ਤੋਂ ਵੱਧ ਹੈ। ਭਾਰਤ ਵਿੱਚ ਵੀ ਕੋਰੋਨਾ ਮਾਮਲੇ ਤਿੰਨ ਕਰੋੜ ਨੂੰ ਪਾਰ ਕਰ ਗਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਚਾਰ ਲੱਖ ਨੂੰ ਪਾਰ ਕਰ ਗਈ ਹੈ।

Exit mobile version