ਹਿਮਾਚਲ ਪ੍ਰਦੇਸ਼ ਦੇ ਛੇ ਵਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਦਿੱਗਜ ਨੇਤਾ ਵੀਰਭੱਦਰ ਸਿੰਘ ਨੂੰ ਸੋਮਵਾਰ ਰਾਤ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਆਈਜੀਐਮਸੀ, ਸ਼ਿਮਲਾ ਵਿਖੇ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ।
ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੀਨੀਅਰ ਮੈਡੀਕਲ ਸੁਪਰਡੈਂਟ ਡਾ. ਜਨਕ ਰਾਜ ਪਖਰਤੀਆ ਨੇ ਕਿਹਾ ਕਿ 87 ਸਾਲਾ ਨੇਤਾ ਨੂੰ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ.) ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਉਹ ਵੈਂਟੀਲੇਟਰ ਸਹਾਇਤਾ ਉੱਤੇ ਹਨ। ਉਨ੍ਹਾਂ ਦੀ ਹਾਲਤ ਨਾਜ਼ੁਕ ਹੈ ਪਰ ਸਥਿਰ ਹੈ। ਦੱਸ ਦੇਈਏ ਕਿ ਵੀਰਭੱਦਰ ਸਿੰਘ 23 ਅਪ੍ਰੈਲ ਤੋਂ ਆਈਜੀਐਮਸੀ ਵਿਖੇ ਇਲਾਜ ਅਧੀਨ ਹਨ। 13 ਅਪ੍ਰੈਲ ਨੂੰ ਕੋਵਿਡ -19 ਪੌਜੇਟਿਵ ਪਾਏ ਜਾਣ ‘ਤੇ ਉਨ੍ਹਾਂ ਨੂੰ ਮੁਹਾਲੀ ਦੇ ਮੈਕਸ ਹਸਪਤਾਲ ਲਿਜਾਇਆ ਗਿਆ ਸੀ।
ਸਿਹਤਯਾਬੀ ਤੋਂ ਬਾਅਦ, ਉਨ੍ਹਾਂ ਨੂੰ 23 ਅਪ੍ਰੈਲ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਪਰ ਸ਼ਿਮਲਾ ਪਹੁੰਚਣ ‘ਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆਈ ਅਤੇ ਦੁਬਾਰਾ ਉਨ੍ਹਾਂ ਨੂੰ ਆਈਜੀਐਮਸੀ ਵਿੱਚ ਦਾਖਲ ਕਰਵਾਇਆ ਗਿਆ। 11 ਜੂਨ ਨੂੰ, ਉਹ ਫਿਰ ਕੋਰੋਨਾ ਸਕਾਰਾਤਮਕ ਪਾਏ ਗਏ ਸਨ। ਇਸ ਸਮੇਂ ਡਾਕਟਰ ਉਨ੍ਹਾਂ ਦੀ ਸਿਹਤ ‘ਤੇ ਪੂਰੀ ਨਜ਼ਰ ਰੱਖ ਰਹੇ ਹਨ। ਡਾਕਟਰਾਂ ਦੀ ਟੀਮ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਜਲਦੀ ਠੀਕ ਹੋ ਜਾਣਗੇ।