ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿਖੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ ‘ਤੇ ਮੁਲਾਕਾਤ ਲਈ ਪਹੁੰਚ ਗਏ ਹਨ। ਉਥੇ ਉਹ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਮਿਟਾਉਣ ਲਈ ਸੋਨੀਆ ਗਾਂਧੀ ਨੂੰ ਸੁਲਾਹ ਦਾ ਫਾਰਮੂਲਾ ਪੇਸ਼ ਕਰਨਗੇ।
ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਪਹਿਲਾਂ ਦਿੱਲੀ ਵਿਖੇ ਕਪੂਰਥਲਾ ਹਾਊਸ ਵਿਚ ਕੈਪਟਨ ਕਾਂਗਰਸ ਦੇ ਵੱਡੇ ਨੇਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ। ਕਾਂਗਰਸੀ ਆਗੂਆਂ ਨੂੰ ਉਮੀਦ ਹੈ ਕਿ ਇਸ ਮੀਟਿੰਗ ਵਿਚ ਪੰਜਾਬ ਕਾਂਗਰਸ ਦੇ ਕਲੇਸ਼ ਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ। ਪੰਜਾਬ ਕਾਂਗਰਸ ਵਿਚ ਚੱਲ ਰਹੇ ਕਲੇਸ਼ ਵਿਚਾਲੇ ਇਹ ਪਹਿਲਾ ਮੌਕਾ ਹੈ ਜਦੋਂ ਸੋਨੀਆ ਗਾਂਧੀ ਪੰਜਾਬ ਦੇ ਕਿਸੇ ਨੇਤਾ ਨਾਲ ਮੁਲਾਕਾਤ ਕਰ ਰਹੀ ਹਨ। ਪੰਜਾਬ ਕਾਂਗਰਸ ਦੇ ਆਗੂਆਂ ਦੀਆਂ ਨਜ਼ਰਾਂ ਇਸ ਗੱਲ ਨੂੰ ਲੈ ਕੇ ਸੋਨੀਆ ਗਾਂਧੀ ’ਤੇ ਟਿਕ ਗਈਆਂ ਹਨ ਕਿ ਉਹ ਕਲੇਸ਼ ਨੂੰ ਖ਼ਤਮ ਕਰਨ ਲਈ ਕੀ ਫਾਰਮੂਲਾ ਕੱਢਦੀ ਹਨ।
30 ਜੂਨ ਨੂੰ ਨਵਜੋਤ ਸਿੰਘ ਸਿੱਧੂ ਨੇ ਨਵੀਂ ਦਿੱਲੀ ਵਿੱਚ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਹਾਲਾਂਕਿ, ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਮੈਂ ਸਿੱਧੂ ਨੂੰ ਉਨ੍ਹਾਂ ਨੂੰ ਮਿਲਣ ਲਈ ਨਹੀਂ ਬੁਲਾਇਆ। ਪਰ ਬਾਅਦ ਵਿੱਚ ਦੋਵਾਂ ਆਗੂਆਂ ਦੀ ਮੁਲਾਕਤ ਹੋਈ ਸੀ। ਮੰਗਲਵਾਰ ਨੂੰ ਸੋਨੀਆ ਗਾਂਧੀ ਨਾਲ ਮੁਲਾਕਾਤ ਦੌਰਾਨ, ਨਵਜੋਤ ਸਿੰਘ ਸਿੱਧੂ ਬਾਰੇ ਅਤੇ ਪਾਰਟੀ ਦੇ ਸੰਕਟ ਨੂੰ ਖਤਮ ਕਰਨ ਦੇ ਫਾਰਮੂਲੇ ‘ਤੇ ਕੈਪਟਨ ਅਤੇ ਉੱਚ ਲੀਡਰਸ਼ਿਪ ਵਿਚਕਾਰ ਵਿਚਾਰ ਵਟਾਂਦਰੇ ਹੋਣਗੇ।