ਭਾਰਤੀ ਕ੍ਰਿਕਟ ਬੋਰਡ (BCCI) ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਦੋ ਨਵੀਆਂ ਟੀਮਾਂ ਨੂੰ ਸ਼ਾਮਿਲ ਕਰਨ ਦਾ ਮਨ ਬਣਾ ਲਿਆ ਹੈ। ਜਿਸ ਦੇ ਲਈ ਬੋਲੀ ਲਗਾਉਣ ਦੀ ਪ੍ਰਕਿਰਿਆ ਅਗਸਤ ਦੇ ਅੱਧ ਵਿੱਚ ਸ਼ੁਰੂ ਹੋ ਜਾਵੇਗੀ।
ਲਾਜ਼ਮੀ ਪੜਤਾਲ ਤੋਂ ਬਾਅਦ ਅਕਤੂਬਰ ਦੇ ਅੱਧ ਵਿੱਚ ਨਵੀਆਂ ਟੀਮਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ, ਬੋਰਡ ਨੇ ਖਿਡਾਰੀਆਂ ਨੂੰ ਬਰਕਰਾਰ ਰੱਖਣ, ਫ੍ਰੈਂਚਾਇਜ਼ੀ ਟੀਮਾਂ ਦੀ ਬਜਟ ਦੀ ਰਕਮ ਅਤੇ ਮੀਡੀਆ ਅਧਿਕਾਰਾਂ ਲਈ ਵੀ ਇੱਕ ਬਲੂਪ੍ਰਿੰਟ ਤਿਆਰ ਕੀਤਾ ਹੈ। ਆਰਪੀ – ਸੰਜੀਵ ਗੋਇਨਕਾ ਸਮੂਹ (ਕੋਲਕਾਤਾ), ਅਡਾਨੀ ਸਮੂਹ (ਅਹਿਮਦਾਬਾਦ), ਅਰਬਿੰਦੋ ਫਾਰਮਾ ਲਿਮਟਿਡ (ਹੈਦਰਾਬਾਦ) ਅਤੇ ਟੋਰੈਂਟ ਸਮੂਹ (ਗੁਜਰਾਤ) ਨਿਲਾਮੀ ਪ੍ਰਕਿਰਿਆ ਵਿੱਚ ਦਿਲਚਸਪੀ ਦਿਖਾ ਰਹੇ ਹਨ। ਇਸੇ ਤਰ੍ਹਾਂ ਹੋਰ ਕਾਰਪੋਰੇਟ ਸੰਸਥਾਵਾਂ, ਨਿੱਜੀ ਇਕਵਿਟੀ ਅਤੇ ਨਿਵੇਸ਼ ਸਲਾਹਕਾਰ ਫਰਮਾਂ ਵੀ ਇਸ ਵਿੱਚ ਦਿਲਚਸਪੀ ਰੱਖਦੀਆਂ ਹਨ।
ਮਿਲੀ ਜਾਣਕਾਰੀ ਦੇ ਅਨੁਸਾਰ, ਬੀਸੀਸੀਆਈ ਬਜਟ ਦੀ ਰਕਮ 85 ਕਰੋੜ ਤੋਂ ਵਧਾ ਕੇ 90 ਕਰੋੜ ਰੁਪਏ ਕਰਨ ਲਈ ਤਿਆਰ ਹੈ। ਇਸਦਾ ਮਤਲਬ ਹੈ ਕਿ ਕੁੱਲ ਬਜਟ ਰਕਮ ਵਿੱਚ (10 ਫ੍ਰੈਂਚਾਇਜ਼ੀ ਦੇ ਵਿੱਚ) 50 ਕਰੋੜ ਰੁਪਏ ਸ਼ਾਮਿਲ ਕੀਤੇ ਜਾਣਗੇ। ਫਰੈਂਚਾਇਜ਼ੀ ਨੂੰ ਨਿਰਧਾਰਤ ਕੀਤੀ ਗਈ ਰਕਮ ਦਾ 75 ਫੀਸਦੀ ਲਾਜ਼ਮੀ ਤੌਰ ‘ਤੇ ਖਰਚ ਕਰਨਾ ਪਏਗਾ। ਅਗਲੇ ਤਿੰਨ ਸਾਲਾਂ ਵਿੱਚ ਬਜਟ ਦੀ ਰਕਮ 90 ਕਰੋੜ ਤੋਂ 95 ਰੁਪਏ ਹੋ ਜਾਵੇਗੀ। ਆਖਰਕਾਰ 2024 ਦੇ ਸੀਜ਼ਨ ਤੋਂ ਬਜਟ ਦੀ ਰਕਮ 100 ਕਰੋੜ ਰੁਪਏ ਤੱਕ ਵੱਧ ਜਾਵੇਗੀ। ਖਿਡਾਰੀਆਂ ਦੀ ਰਿਟੇਨਸ਼ਨ ਨੂੰ ਵੀ ਲੱਗਭਗ ਅੰਤਿਮ ਰੂਪ ਦਿੱਤਾ ਗਿਆ ਹੈ। ਹਰੇਕ ਫ੍ਰੈਂਚਾਇਜ਼ੀ ਮੈਗਾ ਨਿਲਾਮੀ ਤੋਂ ਪਹਿਲਾਂ ਚਾਰ ਖਿਡਾਰੀ ਰੱਖ ਸਕਦੀ ਹੈ, ਪਰ ਉਸ ਲਈ ਵੀ ਕੁੱਝ ਸ਼ਰਤਾਂ ਰੱਖੀਆਂ ਗਈਆਂ ਹਨ। ਟੀਮਾਂ ਜਾਂ ਤਾਂ ਤਿੰਨ ਭਾਰਤੀ ਅਤੇ ਇੱਕ ਵਿਦੇਸ਼ੀ ਖਿਡਾਰੀ ਜਾਂ ਦੋ ਭਾਰਤੀ ਅਤੇ ਦੋ ਵਿਦੇਸ਼ੀ ਖਿਡਾਰੀ ਰੱਖ ਸਕਦੀਆਂ ਹਨ।
ਮੌਜੂਦਾ ਨਿਯਮਾਂ ਦੇ ਅਨੁਸਾਰ, ਜੇ ਫਰੈਂਚਾਇਜ਼ੀ ਤਿੰਨ ਖਿਡਾਰੀਆਂ ਨੂੰ ਬਰਕਰਾਰ ਰੱਖਦੀ ਹੈ, ਤਾਂ ਇਸ ਦੇ ਬਜਟ ਦੀ ਰਕਮ ਵਿੱਚੋਂ 15 ਕਰੋੜ, 11 ਕਰੋੜ ਅਤੇ 7 ਕਰੋੜ ਰੁਪਏ ਕਟੌਤੀ ਕੀਤੀ ਜਾਂਦੀ ਹੈ। ਜੇ ਟੀਮ ਦੋ ਖਿਡਾਰੀਆਂ ਨੂੰ ਬਰਕਰਾਰ ਰੱਖਦੀ ਹੈ, ਤਾਂ 12.5 ਕਰੋੜ ਅਤੇ 8.5 ਕਰੋੜ ਰੁਪਏ ਕਟੌਤੀ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇੱਕੋ ਖਿਡਾਰੀ ਨੂੰ ਬਰਕਰਾਰ ਰੱਖਣ ਲਈ ਬਜਟ ਰਾਸ਼ੀ ਵਿੱਚੋਂ 12.5 ਕਰੋੜ ਰੁਪਏ ਘਟਾਉਣ ਦੀ ਵਿਵਸਥਾ ਹੈ। ਹੁਣ ਜਦੋਂ ਬੀ.ਸੀ.ਸੀ.ਆਈ. ਬਜਟ ਦੀ ਰਕਮ ‘ਚ 5 ਕਰੋੜ ਰੁਪਏ ਦੇ ਵਾਧੇ ਨਾਲ ਚਾਰ ਖਿਡਾਰੀਆਂ ਨੂੰ ਬਰਕਰਾਰ ਰੱਖਣ ਦੀ ਆਗਿਆ ਦੇਵੇਗਾ। ਇਸ ਲਈ ਅਜਿਹੀ ਸਥਿਤੀ ਵਿੱਚ ਇਸ ਨਿਯਮ ‘ਚ ਥੋੜੀ ਤਬਦੀਲੀ ਹੋਣ ਦੀ ਸੰਭਾਵਨਾ ਹੈ।
ਕੁੱਝ ਖਿਡਾਰੀ ਬਰਕਰਾਰ ਨਾ ਰਹਿਣ ਦੀ ਬਜਾਏ ਨਿਲਾਮੀ ‘ਚ ਜਾਣ ਨੂੰ ਤਰਜੀਹ ਦੇ ਸਕਦੇ ਹਨ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਬਜਟ ਦੀ ਰਕਮ ਵਿੱਚ ਵਾਧੇ ਦੇ ਨਾਲ, ਦੋ ਨਵੀਆਂ ਟੀਮਾਂ ਵੀ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ। ਅਜਿਹੀ ਸਥਿਤੀ ਵਿੱਚ, ਫ੍ਰੈਂਚਾਇਜ਼ੀ ਟੀਮਾਂ ਵਿੱਚ ਖਿਡਾਰੀ ਖਰੀਦਣ ਲਈ ਮੁਕਾਬਲਾ ਹੋ ਸਕਦਾ ਹੈ। ਕੁੱਝ ਪ੍ਰਮੁੱਖ ਭਾਰਤੀ ਕ੍ਰਿਕਟਰ ਵੀ ਨਿਲਾਮੀ ਲਈ ਆਪਣੇ ਨਾਂ ਅੱਗੇ ਰੱਖ ਸਕਦੇ ਹਨ। ਬੀਸੀਸੀਆਈ ਵੀ 2021 ਦੇ ਅੰਤ ਤੱਕ ਮੀਡੀਆ ਅਧਿਕਾਰਾਂ ਦੀ ਨਿਲਾਮੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਸੰਭਾਵਨਾ ਹੈ ਕਿ 2023 ਤੋਂ ਮਾਰਚ ਦਾ ਮਹੀਨਾ ਆਈਪੀਐਲ ਦੀ ਸ਼ੁਰੂਆਤ ਲਈ ਉਪਲਬਧ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਬੋਰਡ ਲਈ 10 ਟੀਮਾਂ ਵਿਚਕਾਰ 90 ਮੈਚਾਂ ਦਾ ਆਯੋਜਨ ਕਰਨਾ ਆਸਾਨ ਹੋ ਜਾਵੇਗਾ। ਬੀਸੀਸੀਆਈ ਅਤੇ ਉਦਯੋਗ ਨੂੰ ਮੀਡੀਆ ਦੇ ਅਧਿਕਾਰਾਂ ਦੇ ਮੁੱਲ ਵਿੱਚ ਅੱਗੇ ਚੱਲ ਕੇ ਘੱਟੋ ਘੱਟ 25 ਫੀਸਦੀ ਵਾਧੇ ਦੀ ਉਮੀਦ ਹੈ। ਕੋਰੋਨਾ ਮਹਾਂਮਾਰੀ ਕਾਰਨ ਟੈਲੀਵਿਜ਼ਨ ਪ੍ਰਸਾਰਣ ਦੇ ਮੁਕਾਬਲੇ ਓਟੀਟੀ ਸਪੇਸ ਵਿੱਚ ਭਾਰੀ ਵਾਧਾ ਵੇਖਿਆ ਗਿਆ ਹੈ। ਆਉਣ ਵਾਲੇ ਦਿਨਾਂ ‘ਚ ਮੀਡੀਆ ਅਧਿਕਾਰਾਂ ਦੀ ਨਿਲਾਮੀ ਵਿੱਚ ਓਟੀਟੀ ਸਪੇਸ ਵੀ ਮਹੱਤਵਪੂਰਣ ਭੂਮਿਕਾ ਅਦਾ ਕਰ ਸਕਦੀ ਹੈ।