ਪੰਜਾਬ ਵਿੱਚ ਅੱਗ ਵਰ੍ਹਾਉਂਦੀ ਗਰਮੀ ਵਿਚਾਲੇ ਬਿਜਲੀ ਦਾ ਸੰਕਟ ਵੀ ਵੱਧਦਾ ਜਾ ਰਿਹਾ ਹੈ । ਹਾਲਾਤ ਇਹ ਹਨ ਕਿ ਲੋਕਾਂ ਨੂੰ 14-14 ਘੰਟੇ ਦੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪੰਜਾਬ ਵਿੱਚ ਲੱਗ ਰਹੇ ਬਿਜਲੀ ਦੇ ਲੰਮੇ-ਲੰਮੇ ਕੱਟਾਂ ਕਾਰਨ ਵਿਰੋਧੀ ਧਿਰਾਂ ਕੈਪਟਨ ਸਰਕਾਰ ’ਤੇ ਹਮਲਾ ਕਰ ਰਹੀਆਂ ਹਨ । ਪੰਜਾਬ ਵਿੱਚ ਬਿਜਲੀ ਸੰਕਟ ਨੂੰ ਲੈ ਕੇ ਹੁਣ BSP ਸੁਪ੍ਰੀਮੋ ਮਾਇਆਵਤੀ ਦਾ ਵੀ ਇੱਕ ਵੱਡਾ ਬਿਆਨ ਆਇਆ ਹੈ ।
ਦਰਅਸਲ, ਉਨ੍ਹਾਂ ਨੇ ਪੰਜਾਬ ਵਿੱਚ ਜਾਰੀ ਬਿਜਲੀ ਸੰਕਟ ‘ਤੇ ਕਿਹਾ ਕਿ ਕੈਪਟਨ ਸਰਕਾਰ ਆਪਸੀ ਝਗੜੇ ਵਿੱਚ ਉਲਝ ਕੇ ਲੋਕ ਭਲਾਈ ਜ਼ਿੰਮੇਵਾਰੀ ਭੁੱਲ ਗਈ ਹੈ। ਇਸ ਸਬੰਧੀ ਮਾਇਆਵਤੀ ਵੱਲੋਂ ਟਵੀਟ ਵੀ ਕੀਤੇ ਗਏ ਹਨ।
ਮਾਇਆਵਤੀ ਨੇ ਟਵੀਟ ਕਰਦਿਆਂ ਲਿਖਿਆ, ‘ਪੰਜਾਬ ਵਿੱਚ ਬਿਜਲੀ ਦੇ ਗੰਭੀਰ ਸੰਕਟ ਕਾਰਨ ਆਮ-ਜਨਜੀਵਨ, ਉਦਯੋਗ ਅਤੇ ਖੇਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਉੱਥੋਂ ਦੀ ਕਾਂਗਰਸ ਸਰਕਾਰ ਨੇ ਆਪਸੀ ਧੜੇਬੰਦੀ, ਝਗੜੇ ਅਤੇ ਟਕਰਾਅ ਆਦਿ ਵਿੱਚ ਉਲਝ ਕੇ ਲੋਕ ਹਿੱਤਾਂ ਅਤੇ ਲੋਕ ਭਲਾਈ ਦੀ ਜ਼ਿੰਮੇਵਾਰੀ ਤਿਆਗ ਦਿੱਤੀ ਹੈ, ਜਿਸ ਦਾ ਜਨਤਾ ਨੂੰ ਨੋਟਿਸ ਲੈਣ ਦੀ ਲੋੜ ਹੈ।’
ਇਸ ਤੋਂ ਇਲਾਵਾ ਮਾਇਆਵਤੀ ਨੇ ਇੱਕ ਹੋਰ ਟਵੀਟ ਵੀ ਕੀਤਾ। ਜਿਸ ਵਿੱਚ ਉਨ੍ਹਾਂ ਲਿਖਿਆ, ‘ਪੰਜਾਬ ਦਾ ਖੁਸ਼ਹਾਲ ਭਵਿੱਖ ਅਤੇ ਸੂਬੇ ਦੇ ਲੋਕਾਂ ਦੀ ਭਲਾਈ ਇਸ ਵਿੱਚ ਹੈ ਕਿ ਉਹ ਕਾਂਗਰਸ ਪਾਰਟੀ ਦੀ ਸਰਕਾਰ ਤੋਂ ਛੁਟਕਾਰਾ ਪਾਉਣ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੀ ਗਠਜੋੜ ਵਾਲੀ ਸਰਕਾਰ ਬਣਾਉਣਾ ਯਕੀਨੀ ਬਣਾਓ, ਸਾਰਿਆਂ ਨੂੰ ਮੇਰੀ ਬੇਨਤੀ।’
ਦੱਸ ਦੇਈਏ ਕਿ ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਬਿਜਲੀ ਸਪਲਾਈ ਵਿੱਚ 1,330 ਮੈਗਾਵਾਟ ਦੀ ਕਮੀ ਦਰਜ ਕੀਤੀ ਗਈ ਹੈ। ਬਿਜਲੀ ਕਟੌਤੀ ਦਾ ਕਾਰਨ ਬਿਜਲੀ ਮਹਿਕਮੇ ਦੇ ਮੁਲਾਜ਼ਮਾਂ ਦੀ ਹੜਤਾਲ ਮੰਨਿਆ ਜਾ ਰਿਹਾ ਹੈ । ਹੜਤਾਲ ਕਾਰਨ ਮੈਂਟੇਨੈਂਸ ਦਾ ਕੰਮ ਠੱਪ ਹੋਣ ਕਾਰਨ ਸਪਲਾਈ ਵਿੱਚ ਗੜਬੜੀ ਹੋਈ ਹੈ ।