Site icon SMZ NEWS

‘ਆਪ’ ਵੱਲੋਂ ਕੈਪਟਨ ਦੇ ਫਾਰਮਹਾਊਸ ਦਾ ਘਿਰਾਓ, ਬੈਰੀਕੇਡਿੰਗ ਤੋੜੇ, ਪੁਲਿਸ ਵੱਲੋਂ ਪਾਣੀ ਦੀਆਂ ਬੌਛਾਰਾਂ

ਪੰਜਾਬ ਵਿਚ ਵੱਧ ਰਹੀ ਗਰਮੀ ਦੇ ਕਹਿਰ ਦੌਰਾਨ ਬਿਜਲੀ ਸੰਕਟ ਗਰਮਾਇਆ ਹੋਇਆ ਹੈ। ਲਗਾਤਾਰ ਬਿਜਲੀ ਦੇ ਕੱਟਾਂ ਤੋਂ ਪੰਜਾਬੀਆਂ ਤੇ ਕਿਸਾਨਾਂ ਦਾ ਬੁਰਾ ਹਾਲ ਹੈ। ਲੋਕ ਪ੍ਰੇਸ਼ਾਨ ਹੋ ਕੇ ਸੜਕਾਂ ‘ਤੇ ਉਤਰ ਆਏ ਹਨ। ਇਸ ਦੌਰਾਨ ਸਿਆਸਤ ਵੀ ਗਰਮਾ ਗਈ ਹੈ। ਇਸੇ ਦੇ ਚੱਲਦਿਆਂ ਆਮ ਆਦਮੀ ਪਾਰਟੀ ਨੇ ਅੱਜ ਸਿਸਵਾਂ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮਹਾਊਸ ਦਾ ਘਿਰਾਓ ਕੀਤਾ।

ਇਸ ਦੌਰਾਨ ‘ਆਪ’ ਵਰਕਰਾਂ ਅਤੇ ਪੁਲਿਸ ਵਿਚਾਲੇ ਕਾਫੀ ਝੜਪ ਹੋ ਗਈ। ਪੁਲਿਸ ਨੇ ਬੈਰੀਕੇਡ ਵੀ ਲਗਾਏ ਹੋਏ ਸਨ ਪਰ ਆਮ ਆਦਮੀ ਪਾਰਟੀ ਦੇ ਲੋਕ ਬੈਰੀਕੇਡ ਤੋੜ ਕੇ ਅੱਗੇ ਵਧ ਗਏ। ‘ਆਪ’ ਵਰਕਰਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਵੀ ਕੀਤੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਸਿਹਤ ਖਰਾਬ ਹੋਣ ਕਾਰਨ ਵਾਪਸ ਪਰਤੇ। ਇਸ ਦੇ ਨਾਲ ਹੀ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।

‘ਆਪ’ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਪਰ ਕੈਪਟਨ ਘਰ ਬੈਠੇ ਮਜ਼ੇ ਲੈ ਰਹੇ ਹਨ। ਅਸੀਂ ਕੈਪਟਨ ਦੇ ਫਾਰਮ ਹਾਊਸ ਦੇ ਮੀਟਰ ਚੈੱਕ ਕਰਨ ਲਈ ਆਏ ਹਾਂ ਇਹ ਜਾਣਨ ਲਈ ਕਿ ਇੱਥੇ ਕਿੰਨੇ ਘੰਟੇ ਬਿਜਲੀ ਕੱਟ ਲੱਗ ਰਿਹਾ ਹੈ।

ਇਸ ਦੇ ਨਾਲ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਅਕਾਲੀ ਦਲ ਅਤੇ ਭਾਜਪਾ ਸਰਕਾਰ ਵਿੱਚ ਲਾਗੂ ਪੰਜਾਬ ਵਿਰੋਧੀ ਸਮਝੌਤੇ ਅਤੇ ਮਾਫੀਆ ਵੀ ਰਾਜ ਕੈਪਟਨ ਦੇ ਸ਼ਾਸਨ ਅਧੀਨ ਚੱਲ ਰਹੇ ਹਨ। ਬਿਜਲੀ ਮੰਤਰੀ ਹੋਣ ਕਾਰਨ ਮੁੱਖ ਮੰਤਰੀ ਨੂੰ ਮੌਜੂਦਾ ਬਿਜਲੀ ਸੰਕਟ ਲਈ ਨੈਤਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।

Exit mobile version