ਜਲੰਧਰ ਵਿੱਚ ਕੜਾਕੇ ਦੀ ਪੈ ਰਹੀ ਗਰਮੀ ਦੌਰਾਨ ਬਿਜਲੀ ਕੱਟਾਂ ਤੋਂ ਬਾਅਦ ਹੁਣ ਪਾਣੀ ਨੂੰ ਲੈ ਕੇ ਹਾਹਾਕਾਰ ਮਚ ਗਿਆ ਹੈ। ਵੀਰਵਾਰ ਨੂੰ ਕ੍ਰਿਸ਼ਨਾ ਨਗਰ ਵਿੱਚ ਪਾਣੀ ਨਾ ਮਿਲਣ ਕਾਰਨ ਲੋਕ ਗੁੱਸੇ ਵਿੱਚ ਸਨ।
ਜਦੋਂ ਵਾਰਡ ਦੇ ਕੌਂਸਲਰਾਂ ਅਤੇ ਨਿਗਮ ਅਧਿਕਾਰੀਆਂ ਨੇ ਇੱਕ ਨਾ ਸੁਣੀ ਤਾਂ ਉਨ੍ਹਾਂ ਸੜਕ ’ਤੇ ਇੱਟਾਂ ਅਤੇ ਪੱਥਰ ਅਤੇ ਦਰੱਖਤਾਂ ਦੇ ਕੁਝ ਹਿੱਸੇ ਸੁੱਟ ਕੇ ਆਵਾਜਾਈ ਨੂੰ ਰੋਕ ਦਿੱਤਾ। ਇਸ ਤੋਂ ਬਾਅਦ ਕੜਾਕੇ ਦੀ ਧੁੱਪ ਵਿਚ ਸੜਕ ‘ਤੇ ਬੈਠ ਕੇ ਕਾਂਗਰਸ ਪਾਰਟੀ ਅਤੇ ਕੌਂਸਲਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਦੋਂ ਟ੍ਰੈਫਿਕ ਦੇ ਬੰਦ ਹੋਣ ਦਾ ਪਤਾ ਲੱਗਾ ਤਾਂ ਨਿਗਮ ਦੇ ਕਰਮਚਾਰੀ ਭੱਜੇ-ਭੱਜੇ ਪਹੁੰਚੇ ਤੇ ਸਪਲਾਈ ਲਾਈਨ ਵਿੱਚ ਪਾਈਪ ਗਲੀ ਮਿਲੀ, ਜਿਸ ਨੂੰ ਠੀਕ ਕੀਤਾ ਜਾ ਰਿਹਾ ਹੈ।
ਇਲਾਕੇ ਦੇ ਲੋਕਾਂ ਨੇ ਦੋਸ਼ ਲਾਇਆ ਕਿ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ। ਇੰਨੀ ਗਰਮੀ ਵਿਚ ਵੀ ਪਾਣੀ ਦੀ ਘਾਟ ਕਾਰਨ ਉਹ ਲੋਕਾਂ ਦੇ ਨੁਮਾਇੰਦਿਆਂ ਅਤੇ ਅਧਿਕਾਰੀਆਂ ਦੇ ਚੱਕਰ ਕੱਟ ਕੇ ਥੱਕ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਨੇ ਦਰੱਖਤ ਸੁੱਟ ਕੇ ਸੜਕ ਜਾਮ ਕਰ ਦਿੱਤੀ ਅਤੇ ਨਾਅਰੇਬਾਜ਼ੀ ਸ਼ੁਰੂ ਹੋਈ ਤਾਂ ਇਲਾਕੇ ਦੇ ਲੋਕਾਂ ਦੇ ਨੁਮਾਇੰਦਿਆਂ ਤੇ ਅਫਸਰਾਂ ਦੇ ਕੰਨਾਂ ਤੱਕ ਗੱਲ ਪਹੁੰਚੀ।
ਜਿਸ ਤੋਂ ਬਾਅਦ ਕਰਮਚਾਰੀਆਂ ਨੂੰ ਭੇਜ ਕੇ ਪਾਣੀ ਸਪਲਾਈ ਲਾਈਨ ਦੀ ਜਾਂਚ ਕੀਤੀ ਗਈ। ਇਸ ਵਿਚ ਪਾਇਆ ਗਿਆ ਕਿ ਅੰਦਰ ਪਾਈਪ ਹੀ ਗਲ ਕੇ ਟੁੱਟ ਚੁੱਕੀ ਸੀ, ਇਸ ਕਾਰਨ ਪਾਣੀ ਅੱਗੇ ਨਹੀਂ ਜਾ ਰਿਹਾ ਸੀ। ਫਿਲਹਾਲ ਪਾਣੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁਲਾਜ਼ਮਾਂ ਦਾ ਦਾਅਵਾ ਹੈ ਕਿ ਛੇਤੀ ਹੀ ਸਪਲਾਈ ਠੀਕ ਕੀਤੀ ਜਾਵੇਗੀ।