ਕੋਰੋਨਾ ਮਹਾਂਮਾਰੀ ਦੇ ਕਾਰਨ ਟੀ -20 ਵਿਸ਼ਵ ਕੱਪ 17 ਅਕਤੂਬਰ ਤੋਂ 14 ਨਵੰਬਰ ਤੱਕ ਭਾਰਤ ਦੀ ਬਜਾਏ ਯੂਏਈ ਅਤੇ ਓਮਾਨ ਵਿੱਚ ਖੇਡਿਆ ਜਾਵੇਗਾ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਮੰਗਲਵਾਰ ਨੂੰ ਇਹ ਐਲਾਨ ਕਰ ਦਿੱਤਾ ਹੈ।
ਇਸ ਤੋਂ ਇੱਕ ਦਿਨ ਪਹਿਲਾਂ, ਬੀਸੀਸੀਆਈ ਨੇ ਸੰਕੇਤ ਦਿੱਤਾ ਸੀ ਕਿ ਟੀ -20 ਵਰਲਡ ਕੱਪ ਭਾਰਤ ਤੋਂ ਬਾਹਰ ਖੇਡਿਆ ਜਾਵੇਗਾ। ਆਈਸੀਸੀ ਨੇ ਕਿਹਾ, ‘ਬੀਸੀਸੀਆਈ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗੀ ਜੋ ਹੁਣ ਦੁਬਈ ਇੰਟਰਨੈਸ਼ਨਲ ਸਟੇਡੀਅਮ, ਅਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਅਤੇ ਓਮਾਨ ਕ੍ਰਿਕਟ ਅਕੈਡਮੀ ਮੈਦਾਨ ‘ਚ 17 ਅਕਤੂਬਰ ਤੋਂ 14 ਨਵੰਬਰ 2021 ਤੱਕ ਖੇਡਿਆ ਜਾਵੇਗਾ।’ ਅੱਠ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਹਿੱਸਾ ਲੈਣਗੀਆਂ, ਜੋ ਓਮਾਨ ਅਤੇ ਯੂਏਈ ਵਿੱਚ ਖੇਡਿਆ ਜਾਵੇਗਾ। ਇਨ੍ਹਾਂ ਵਿੱਚੋਂ ਚਾਰ ਟੀਮਾਂ ਸੁਪਰ 12 ਰਾਊਂਡ ਵਿੱਚ ਪਹੁੰਚਣਗੀਆਂ। ਆਉਣ ਵਾਲਾ ਟੂਰਨਾਮੈਂਟ 2016 ਤੋਂ ਬਾਅਦ ਪਹਿਲਾ ਟੀ -20 ਵਿਸ਼ਵ ਕੱਪ ਹੋਵੇਗਾ। ਪਿਛਲੀ ਵਾਰ ਵੈਸਟਇੰਡੀਜ਼ ਨੇ ਇੰਗਲੈਂਡ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ।
ਸ਼ੁਰੂਆਤੀ ਦੌਰ ਦੀਆਂ ਅੱਠ ਟੀਮਾਂ ਵਿੱਚ ਬੰਗਲਾਦੇਸ਼, ਸ੍ਰੀਲੰਕਾ, ਆਇਰਲੈਂਡ, ਨੀਦਰਲੈਂਡਜ਼, ਸਕਾਟਲੈਂਡ, ਨਾਮੀਬੀਆ, ਓਮਾਨ ਅਤੇ ਪਾਪੁਆ ਨਿਊ ਗਿੰਨੀ ਸ਼ਾਮਿਲ ਹਨ। ਟੂਰਨਾਮੈਂਟ ਦਾ ਫਾਈਨਲ 14 ਨਵੰਬਰ ਨੂੰ ਖੇਡਿਆ ਜਾਵੇਗਾ। ਆਈਸੀਸੀ ਦੇ ਸੀਈਓ ਨੇ ਕਿਹਾ, ‘ਸਾਡੀ ਪਹਿਲ ਆਈਸੀਸੀ ਟੀ -20 ਵਰਲਡ ਕੱਪ ਨੂੰ ਸੁਰੱਖਿਅਤ ਢੰਗ ਨਾਲ ਆਯੋਜਿਤ ਕਰਨਾ ਹੈ ਅਤੇ ਉਹ ਵੀ ਮੌਜੂਦਾ ਸ਼ੈਡਿਊਲ ਦੇ ਅੰਦਰ।’ ਉਨ੍ਹਾਂ ਕਿਹਾ, ‘ਇਸ ਫੈਸਲੇ ਨੇ ਸਾਨੂੰ ਅਜਿਹੇ ਦੇਸ਼ ਵਿੱਚ ਟੂਰਨਾਮੈਂਟ ਦੇ ਆਯੋਜਨ ਬਾਰੇ ਪੱਕਾ ਭਰੋਸਾ ਦਿੱਤਾ ਹੈ, ਜੋ ਪਹਿਲਾ ਹੀ ਬਾਇਓ-ਸੁਰੱਖਿਅਤ ਵਾਤਾਵਰਣ ਵਿੱਚ ਪ੍ਰਮੁੱਖ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਚੁੱਕਾ ਹੈ।’ ਬੀ.ਸੀ.ਸੀ.ਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ,’ ਅਸੀਂ ਭਾਰਤ ਵਿੱਚ ਟੂਰਨਾਮੈਂਟ ਦੀ ਮੇਜ਼ਬਾਨੀ ਕਰਕੇ ਖੁਸ਼ ਹੁੰਦੇ, ਪਰ ਮੌਜੂਦਾ ਸਥਿਤੀ ਵਿੱਚ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਮਹੱਤਤਾ ਨੂੰ ਵੇਖਦਿਆਂ, ਬੀ.ਸੀ.ਸੀ.ਆਈ. ਯੂਏਈ ਅਤੇ ਓਮਾਨ ਵਿੱਚ ਮੇਜ਼ਬਾਨੀ ਕਰੇਗਾ।