CoronavirusIndian PoliticsNationNewsPunjab newsWorld

DGP ਦਿਨਕਰ ਗੁਪਤਾ ਨੇ ਤਰਨ ਤਾਰਨ ਵਿਖੇ ਇੰਟੀਗ੍ਰੇਟਿਡ ਸਪੋਰਟਸ ਕੰਪਲੈਕਸ ਦਾ ਕੀਤਾ ਉਦਘਾਟਨ

ਪੁਲਿਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਦਿਨਕਰ ਗੁਪਤਾ ਨੇ ਅੱਜ ਤਰਨਤਾਰਨ ਵਿੱਚ ਪੁਲਿਸ ਲਾਈਨਜ਼ ਵਿਖੇ ਇੰਟੀਗ੍ਰੇਟਿਡ ਸਪੋਰਟਸ ਕੰਪਲੈਕਸ ਦਾ ਉਦਘਾਟਨ ਕੀਤਾ। ਡੀ.ਜੀ.ਪੀ. ਨੇ ਪੁਲਿਸ ਕਰਮਚਾਰੀਆਂ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਸਪੋਰਟਸ ਕੰਪਲੈਕਸ ਸਹੂਲਤਾਂ ਦੀ ਵਰਤੋਂ ਕਰਨ ਦੀ ਆਗਿਆ ਦੇ ਦਿੱਤੀ ਹੈ।

ਡੀ.ਜੀ.ਪੀ. ਦਿਨਕਰ ਗੁਪਤਾ ਨੇ ਉਦਘਾਟਨ ਸਮਾਰੋਹ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਵੀ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਜਲਦ ਹੀ ਵੱਖ-ਵੱਖ ਕਾਡਰਾਂ ਵਿੱਚ ਸਬ-ਇੰਸਪੈਕਟਰਾਂ, ਹੈਡ ਕਾਂਸਟੇਬਲਾਂ ਅਤੇ ਕਾਂਸਟੇਬਲਾਂ ਦੇ ਪੱਧਰ ‘ਤੇ 10,000 ਤੋਂ ਵੱਧ ਪੁਲਿਸ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ਵੱਖ ਵੱਖ ਖੇਤਰਾਂ ਜਿਵੇਂ ਫੋਰੈਂਸਿਕ ਸਾਇੰਸ, ਸਾਈਬਰ ਕ੍ਰਾਈਮ, ਕਾਨੂੰਨੀ ਮਾਹਰਾਂ, ਵਿੱਤ ਅਤੇ ਡਿਜੀਟਲ ਫੋਰੈਂਸਿਕ ਵਿੱਚ ਵਿਸ਼ੇਸ਼ ਮਾਹਿਰਾਂ ਦੀ ਭਰਤੀ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਕਿਹਾ ਕਿ ਉਹ ਇਸ ਮੌਕੇ ਦੀ ਵਰਤੋਂ ਕਰਦਿਆਂ ਲਿਖਤੀ ਅਤੇ ਸਰੀਰਕ ਜਾਂਚ ਟੈਸਟ ਦੀ ਤਿਆਰੀ ਸ਼ੁਰੂ ਕਰ ਦੇਣ।

DGP Dinkar Gupta

ਡੀ.ਜੀ.ਪੀ. ਨੇ ਇਸ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ, ਤਰਨ ਤਾਰਨ ਤੋਂ ਵਿਧਾਇਕ ਧਰਮਵੀਰ ਅਗਨੀਹੋਤਰੀ, ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ, ਖੇਮਕਰਨ ਤੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ, ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ, ਦਾ ਉਨ੍ਹਾਂ ਦੇ ਸਹਿਯੋਗ ਲਈ ਵੀ ਧੰਨਵਾਦ ਕੀਤਾ। ਡੀ.ਜੀ.ਪੀ. ਨੇ 1.70 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਏਕੜ ਰਕਬੇ ਵਿਚ ਸਥਾਪਤ ਕੀਤੇ ਗਏ ਨਵੇਂ ਬਣੇ ਸਪੋਰਟਸ ਕੰਪਲੈਕਸ ਦਾ ਦੌਰਾ ਕਰਦਿਆਂ ਕਿਹਾ ਕਿ ਇਸ ਮਜ਼ਬੂਤ ਖੇਡ ਢਾਂਚੇ ਦਾ ਉਦੇਸ਼ ਪੁਲਿਸ ਨੂੰ ਖੇਡਾਂ ਅਤੇ ਤੰਦਰੁਸਤੀ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਕਰਨਾ ਹੈ।ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ, ਤਰਨ ਤਾਰਨ ਕੁਲਵੰਤ ਸਿੰਘ, ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀ.ਆਈ.ਜੀ.) ਹਰਦਿਆਲ ਸਿੰਘ ਮਾਨ ਅਤੇ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸ.ਐਸ.ਪੀ.) ਤਰਨ ਤਾਰਨ ਧਰੂਮਨ ਨਿੰਬਲੇ ਵੀ ਮੌਜੂਦ ਸਨ।

ਉਨ੍ਹਾਂ ਕਿਹਾ ਕਿ ਇਸ ਕੰਪਲੈਕਸ ਵਿੱਚ ਵਿਸ਼ਵ ਪੱਧਰੀ ਸਹੂਲਤਾਂ ਹਨ ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਮਾਪਦੰਡਾਂ ਵਾਲਾ 400 ਮੀਟਰ ਰਨਿੰਗ ਟ੍ਰੈਕ, ਉੱਚੀ ਅਤੇ ਲੰਬੀ ਛਾਲ ਦਾ ਟਰੈਕ, ਇੱਕ ਵੱਡਾ ਪਵੇਲੀਅਨ, ਆਊਟਡੋਰ ਟ੍ਰੇਨਿੰਗ ਲਈ ਅਬਸਟੈਕਲ ਕੋਰਸ, ਬਾਸਕਟਬਾਲ ਕੋਰਟ, ਤੰਦਰੁਸਤੀ ਕੇਂਦਰ, ਇਨਡੋਰ ਅਤੇ ਆਊਟਡੋਰ ਜਿੰਮ, ਬਾਕਸਿੰਗ ਰਿੰਗ ਅਤੇ ਕ੍ਰਿਕਟ ਪਿਚ ਤੋਂ ਇਲਾਵਾ ਫਿਜ਼ੀਓਥੈਰੇਪੀ ਅਤੇ ਕਾਉਂਸਲਿੰਗ ਸੈਂਟਰ ਵੀ ਸ਼ਾਮਲ ਹਨ। ਡੀ.ਜੀ.ਪੀ. ਨੇ ਕਿਹਾ ਕਿ ਸਪੋਰਟਸ ਕੰਪਲੈਕਸ ਵਿਖੇ ਇਹ ਸਹੂਲਤਾਂ ਪੁਲਿਸ ਕਰਮਚਾਰੀਆਂ ਨੂੰ ਨਾ ਸਿਰਫ ਉਨ੍ਹਾਂ ਦੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਵਿਚ ਵਾਧਾ ਕਰਨ ਵਿਚ ਸਹਾਇਤਾ ਕਰਨਗੀਆਂ ਬਲਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਇਲਾਵਾ ਆਮ ਜਨਤਾ ਵਿੱਚ ਵੀ ਆਊਟਡੋਰ ਖੇਡ ਗਤੀਵਿਧੀਆਂ `ਚ ਰੁਚੀ ਪੈਦਾ ਕਰਨਗੀਆਂ।

ਐਸ.ਐਸ.ਪੀ. ਧਰੂਮਨ ਨਿੰਬਲੇ ਨੇ ਦੱਸਿਆ ਕਿ ਇੱਥੇ ਪੁਲਿਸ ਕਰਮਚਾਰੀਆਂ ਦੀ ਤੰਦਰੁਸਤੀ/ਮਨੋਰੰਜਨ ਵਾਸਤੇ ਲਗਭਗ ਕੋਈ ਸਹੂਲਤ ਨਾ ਹੋਣ ਕਰਕੇ ਉਨ੍ਹਾਂ ਨੇ ਪੁਲਿਸ ਲਾਈਨਜ਼ ਵਿਚ ਖਾਲੀ ਪਈ ਬੰਜਰ ਜ਼ਮੀਨ ਨੂੰ ਇਸ ਖੇਡ ਕੰਪਲੈਕਸ ਦੀ ਸਥਾਪਨਾ ਲਈ ਵਰਤਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਤੰਦਰੁਸਤ ਅਤੇ ਸਾਫ਼ ਵਾਤਾਵਰਣ ਲਈ ਰੁੱਖ ਲਗਾਉਣ ਦੀ ਇੱਕ ਵੱਡੀ ਮੁਹਿੰਮ ਵੀ ਚਲਾਈ ਗਈ ਅਤੇ ਪੁਲਿਸ ਲਾਈਨਜ਼ ਵਿਖੇ 2000 ਤੋਂ ਵੱਧ ਬੂਟੇ ਲਗਾਏ ਗਏ। ਇਸ ਦੌਰਾਨ ਡੀ.ਜੀ.ਪੀ. ਦਿਨਕਰ ਗੁਪਤਾ ਨੇ ਨਸ਼ਿਆਂ ਖਿਲਾਫ ਜੰਗ ਅਤੇ ਬਲਵਿੰਦਰ ਸਿੰਘ ਕਤਲ ਕੇਸ ਵਿੱਚ ਚੰਗੀ ਕਾਰਗੁਜ਼ਾਰੀ ਵਿਖਾਉਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ।

Comment here

Verified by MonsterInsights