Site icon SMZ NEWS

ਕੈਪਟਨ ਨੇ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਨੂੰ ਅਸਲ ਬਨਸਪਤੀ ਤੇ ਜੀਵ ਜੰਤੂਆਂ ਨੂੰ ਮੁੜ ਸੁਰਜੀਤ ਕਰਨ ਲਈ ਕਿਹਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਤਾਵਰਣ ਸੰਤੁਲਨ ਪੈਦਾ ਕਰਨ ਦੀ ਦਿਸ਼ਾ ਵਿੱਚ ਸੋਮਵਾਰ ਨੂੰ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਸੂਬੇ ਦੇ ਕੁਦਰਤੀ ਮੌਸਮ ਅਤੇ ਅਸਲ ਨਿਵਾਸ ਨੂੰ ਧਿਆਨ ਵਿੱਚ ਰੱਖਦਿਆਂ ਅਸਲ ਬਨਸਪਤੀ ਅਤੇ ਜੀਵ ਜੰਤੂਆਂ ਨੂੰ ਮੁੜ ਸੁਰਜੀਤ ਕਰਨ ਲਈ ਕਿਹਾ ਹੈ।

ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੁਦਰਤ ਪ੍ਰੇਮੀ ਹੋਣ ਦੇ ਨਾਤੇ ਉਨ੍ਹਾਂ ਦੀ ਰੁਚੀ ਹਮੇਸ਼ਾ ਤੋਂ ਜੰਗਲਾਤ ਤੇ ਜੰਗਲੀ ਜੀਵ ਵਿੱਚ ਰਹੀ ਹੈ। ਉਨ੍ਹਾਂ ਰਵਾਇਤੀ ਰੁੱਖਾਂ ਜਿਵੇਂ ਕਿ ਬੇਰ, ਕਿੱਕਰ, ਸ਼ਾਲ, ਟਾਹਲੀ ਆਦਿ ਦੇ ਪੌਦੇ ਵੱਡੀ ਪੱਧਰ ਉਤੇ ਲਗਾਉਣ ‘ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਅੰਬ ਦੀ ਦੇਸੀ (ਸਥਾਨਕ) ਕਿਸਮ ਕੱਥਾ ਅੰਬ ਜੋ ਕਿ ਕੰਢੀ ਖੇਤਰ ਅਤੇ ਦੱਖਣੀ ਪੰਜਾਬ ਵਿੱਚ ਪਾਇਆ ਜਾਂਦਾ ਸੀ ਅਤੇ ਸਮਾਂ ਬੀਤਣ ਨਾਲ ਪੈਦਾਵਾਰ ਘਟਦੀ ਗਈ, ਨੂੰ ਵੀ ਲਗਾਉਣ ‘ਤੇ ਜ਼ੋਰ ਦਿੱਤਾ। ਇਸ ਅੰਬ ਦੇ ਬੂਟੇ ਜੰਗਲੀ ਜਾਨਵਾਰਾਂ ਅਤੇ ਪੁਰਾਣੇ ਪੰਛੀਆਂ ਲਈ ਕੁਦਰਤੀ ਰਿਹਾਇਸ਼ ਵੀ ਪੈਦਾ ਕਰਨਗੇ ਜੋ ਸਮੇਂ ਦੇ ਨਾਲ ਅਲੋਪ ਹੋ ਗਏ। ਕੈਪਟਨ ਅਮਰਿੰਦਰ ਸਿੰਘ ਨੇ ਚੰਦਨ ਅਤੇ ਉਚ ਕਿਸਮ ਦੇ ਬਾਂਸ (ਬੈਂਬੂਸਾ ਬੈਲਕੂਆ) ਜੋ ਰਵਾਇਤੀ ਬਾਂਸਾਂ ਨਾਲੋਂ ਦੁੱਗਣਾ ਝਾੜ ਦਿੱਤੇ ਹਨ, ਦੇ ਪੌਦੇ ਲਗਾਉਣ ਲਈ ਵਿਭਾਗ ਦੀ ਸ਼ਲਾਘਾ ਕੀਤੀ। ਉਨ੍ਹਾਂ ਵਧੀਕ ਮੁੱਖ ਸਕੱਤਰ ਜੰਗਲਾਤ ਨੂੰ ਹੋਰ ਦੇਸੀ ਨਸਲ ਦੇ ਪੌਦੇ ਲਗਾਉਣ ਅਤੇ ਕਿਸਾਨਾਂ ਨੂੰ ਪਾਪੂਲਰ ਦੀ ਖੇਤੀ ਕਰਨ ਲਈ ਪ੍ਰੇਰਿਤ ਕਰਨ ਲਈ ਆਖਿਆ। ਪਾਪੂਲਰ ਨਾ ਸਿਰਫ ਘੱਟ ਪਾਣੀ ਮੰਗਦਾ ਹੈ ਸਗੋਂ ਇਸ ਦੀ ਲੱਕੜ ਉਦਯੋਗ ਵਿੱਚ ਵੀ ਵੱਡੀ ਮੰਗ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਬੋਟਿੰਗ, ਨੇਚਰ ਟਰੇਲ, ਬੋਰਡ ਵਾਕ, ਬਰਡ ਵਾਚ ਟਾਵਰ ਵਰਗੀਆਂ ਸਹੂਲਤਾਂ ਸਥਾਪਤ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤੀਬਾੜੀ ਜੰਗਲਾਤ ਦੀਆਂ ਗਤੀਵਿਧੀਆਂ ਜਿਵੇਂ ਕਿ ਰੇਸ਼ਮ ਉਤਪਾਦਨ, ਮੱਖੀ ਪਾਲਣ ਨੂੰ ਉਤਸ਼ਾਹਤ ਕਰਨ ਲਈ ਬਹੁ ਵਿਭਾਗੀ ਤਾਲਮੇਲ ਰਣਨੀਤੀ ਲਈ ਵੀ ਆਖਿਆ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਸੂਬੇ ਦੇ ਦਰਿਆਵਾਂ ਖਾਸ ਕਰਕੇ ਬਿਆਸ ਤੇ ਸਤੁਲਜ ਵਿੱਚ ਮੱਗਰਮੱਛ ਦੇ ਪ੍ਰਜਨਨ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਜਿਨ੍ਹਾਂ ਦੀ ਕਰੀਬ ਛੇ ਦਹਾਕੇ ਪਹਿਲਾਂ ਬਹੁਤ ਭਰਮਾਰ ਸੀ। ਉਨ੍ਹਾਂ ਘੜਿਆਲ ਮੁੜ ਲਿਆਉਣ ਲਈ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਜਿਹੜਾ ਕਿ ਦਰਿਆਈ ਵਾਤਾਵਰਣ ਲਈ ਬਹੁਤ ਸਹਾਈ ਹੈ ਅਤੇ ਪੰਜਾਬ ਦੇ ਦਰਿਆਵਾਂ ਵਿੱਚ ਮੌਜੂਦ ਹੈ।

ਮੁੱਖ ਮੰਤਰੀ ਨੇ ਸੂਬੇ ਭਰ ਵਿੱਚ ਆਵਾਰਾ ਪਸ਼ੂਆਂ ਦੇ ਖਤਰੇ ‘ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਹ ਹੁਣ ਲੋਕਾਂ ਦੀ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਬਣ ਰਿਹਾ ਹੈ, ਜਿਸ ਨਾਲ ਸੜਕ ਹਾਦਸੇ ਹੋਣ ਕਰਕੇ ਅਕਸਰ ਜਾਨੀ ਨੁਕਸਾਨ ਹੁੰਦਾ ਹੈ। ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਜੰਗਲੀ ਜੀਵ ਵਿਭਾਗ ਨੂੰ ਪਸ਼ੂ ਪਾਲਣ ਵਿਭਾਗ ਨਾਲ ਮਿਲ ਕੇ ਅਵਾਰਾ ਪਸ਼ੂਆਂ ਨੂੰ ਉਨ੍ਹਾਂ ਬੀੜਾਂ, ਜੋ ਜੰਗਲੀ ਜੀਵ ਰੱਖ ਨਹੀਂ ਹਨ, ਵਿੱਚ ਤਬਦੀਲ ਅਤੇ ਮੁੜ ਵਸੇਬਾ ਕਰਨ ਵਾਸਤੇ ਰੂਪ-ਰੇਖਾ ਉਲੀਕਣ ਲਈ ਕਿਹਾ ਹੈ।

Captain asks Forest

ਵਧੀਕ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਵਿਭਾਗ ਨੇ ਸਥਾਈ ਵਿਕਾਸ ਟੀਚਿਆਂ (ਐਸ.ਡੀ.ਜੀਜ਼) ਮੁਤਾਬਕ 2023 ਤੱਕ ਜੰਗਲਾਤ ਅਤੇ ਰੁੱਖਾਂ ਅਧੀਨ 7.5 ਫੀਸਦੀ ਰਕਬਾ ਲਿਆਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਪਹਿਲ ਦੇ ਅਧਾਰ ‘ਤੇ ਵਿਕਸਤ ਕੀਤੇ ਜਾਣ ਵਾਲੇ 100 ਜਲਗਾਹਾਂ (ਵੈਟਲੈਂਡ) ਦੀ ਪਛਾਣ ਕਰ ਲਈ ਹੈ ਅਤੇ ਇਨ੍ਹਾਂ ਵਿੱਚ ਦੇਸ਼ ਭਰ ‘ਚੋਂ ਪੰਜਾਬ ਦੀਆਂ ਪੰਜ ਜਲਗਾਹਾਂ ਹਰੀਕੇ, ਰੋਪੜ, ਕਾਂਝਲੀ, ਕੇਸ਼ੋਪੁਰ ਅਤੇ ਨੰਗਲ ਨੂੰ ਸ਼ਾਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਗਾ ਜ਼ਿਲ੍ਹੇ ਨੂੰ ਪੰਜ ਸਾਲਾਂ ਵਿੱਚ ਦੇਸ਼ ਦੇ 10 ਕਰੋੜ ਪੌਦੇ ਲਗਾਉਣ ਦੇ ਪ੍ਰਾਜੈਕਟ ਦੇ ਹਿੱਸੇ ਵਜੋਂ ਚੁਣਿਆ ਹੈ ਅਤੇ ਅਗਲੇ ਪੰਜ ਸਾਲਾਂ ਦੌਰਾਨ ਮੋਗਾ ਵਿੱਚ 90 ਲੱਖ ਪੌਦੇ ਲਗਾਏ ਜਾਣਗੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਸਕੱਤਰ ਵਿਨੀ ਮਹਾਜਨ, ਮੁੱਖ ਜੰਗਲੀ ਜੀਵ ਵਾਰਡਨ ਆਰ.ਕੇ. ਮਿਸ਼ਰਾ, ਪ੍ਰਮੁੱਖ ਮੁੱਖ ਵਣਪਾਲ ਜੰਗਲਾਤ ਵਿਦਿਆ ਭੂਸ਼ਣ ਕੁਮਾਰ ਮੌਜੂਦ ਸਨ।

Exit mobile version