ਗੈਂਗਸਟਰ ਜੈਪਾਲ ਭੁੱਲਰ ਦੀ ਹਾਈਕੋਰਟ ਵੱਲੋਂ ਦੁਬਾਰਾ ਪੋਸਟਮਾਰਟਮ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਅੱਜ ਜੈਪਾਲ ਦਾ ਪਰਿਵਾਰ ਉਸ ਦੀ ਮ੍ਰਿਤਕ ਦੇਹ ਨੂੰ ਲੈ ਕੇ ਪੀਜੀਆਈ ਪੁੱਜਾ। ਇਸ ਦੌਰਾਨ ਇੱਕ ਐਂਬੂਲੈਂਸ ਵਿਚ ਫਰਿਜਰ ‘ਚ ਉਸ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ ਸੀ। ਨਾਇਬ ਤਹਿਸੀਲਦਾਰ ਅਤੇ ਪੁਲਿਸ ਦੇ ਅਧਿਕਾਰੀ ਵੀ ਪੀਜੀਆਈ ਪਹੁੰਚੇ।
ਡਾਕਟਰਾਂ ਦੀ ਇੱਕ ਟੀਮ ਵੱਲੋਂ ਜੈਪਾਲ ਭੁੱਲਰ ਦਾ ਦੁਬਾਰਾ ਤੋਂ ਪੋਸਟਮਾਰਟਮ ਕਰਕੇ ਬਾਹਰ ਆ ਚੁੱਕੇ ਹਨ। ਸ਼ਾਮ ਤੱਕ ਰਿਪੋਰਟ ਸਾਹਮਣੇ ਆ ਸਕਦੀ ਹੈ। ਇਸੇ ਦਰਮਿਆਨ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੱਲ ਪਰਿਵਾਰ ਵੱਲੋਂ ਭੁੱਲਰ ਦਾ ਦੁਪਹਿਰ 2 ਵਜੇ ਤੱਕ ਦਸਮੇਸ਼ ਨਗਰ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਜਾਵੇਗਾ। ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਵਾਪਸ ਫਿਰੋਜ਼ਪੁਰ ਭੇਜ ਦਿੱਤਾ ਗਿਆ ਹੈ ।
ਦੱਸ ਦੇਈਏ ਕਿ ਕੋਲਕਾਤਾ ’ਚ ਹੋਏ ਐਨਕਾਊਂਟਰ ਦੌਰਾਨ ਮਾਰੇ ਗਏ ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਦੀ ਮੌਤ ਹੋਣ ਤੋਂ ਬਾਅਦ ਹੁਣ ਤੱਕ ਸਸਕਾਰ ਨਹੀਂ ਹੋ ਸਕਿਆ। ਜੈਪਾਲ ਦੀ ਦੁਬਾਰਾ ਪੋਸਟਮਾਰਟਮ ਕਰਾਉਣ ਦੀ ਮੰਗ ਨੂੰ ਹਾਈਕੋਰਟ ਵੱਲੋਂ ਰੱਦ ਕਰਨ ਤੋਂ ਬਾਅਦ ਪਿਤਾ ਭੁਪਿੰਦਰ ਸਿੰਘ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਰਿਪੋਰਟ ਮੁੜ ਹਾਈਕੋਰਟ ਨੂੰ ਭੇਜ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਜੈਪਾਲ ਦੇ ਪਿਤਾ ਨੇ ਦੋਸ਼ ਲਾਇਆ ਕਿ ਪਹਿਲਾਂ ਉਨ੍ਹਾਂ ਦੇ ਪੁੱਤਰ ਨੂੰ ਬੁਰੀ ਤਰ੍ਹਾਂ ਪੁਲਸ ਵੱਲੋਂ ਟਾਰਚਰ ਕੀਤਾ ਗਿਆ ਅਤੇ ਬਾਅਦ ‘ਚ ਗੋਲੀਆਂ ਮਾਰੀਆਂ ਗਈਆਂ।
ਜ਼ਿਕਰਯੋਗ ਹੈ ਕਿ ਜੈਪਾਲ ਭੁੱਲਰ ਦੇ ਅੰਤਿਮ ਸੰਸਕਾਰ ਮੌਕੇ ਉਸ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਦੇਖਣ ਮਗਰੋਂ ਪਿਤਾ ਭੁਪਿੰਦਰ ਸਿੰਘ ਨੇ ਇਹ ਗੱਲ ਕਹਿੰਦਿਆਂ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਆਪਣੇ ਪੁੱਤਰ ਦਾ ਦੁਬਾਰਾ ਪੋਸਟਮਾਰਟਮ ਕਰਾਏ ਬਿਨਾਂ ਅੰਤਿਮ ਸੰਸਕਾਰ ਨਹੀਂ ਕਰਨਗੇ।
Comment here