ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਖੇਡਿਆ ਜਾਣ ਵਾਲਾ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦਾ ਫਾਈਨਲ ਸਟਾਰ ਸਪੋਰਟਸ ਤੋਂ ਇਲਾਵਾ ਦੂਰਦਰਸ਼ਨ ਦੇ ਸਪੋਰਟਸ ਚੈਨਲ ਡੀਡੀ ਸਪੋਰਟਸ ਉੱਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ, ਜਿਸ ਕਾਰਨ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਭਾਰਤੀ ਦਰਸ਼ਕ ਵੀ ਇਸ ਮੈਚ ਦਾ ਆਸਾਨੀ ਨਾਲ ਆਨੰਦ ਲੈ ਸਕਣਗੇ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਇਹ ਖ਼ਿਤਾਬੀ ਮੈਚ ਸਾਉਥੈਮਪਟਨ ਵਿੱਚ ਦੁਪਹਿਰ ਸਾਢੇ ਤਿੰਨ ਵਜੇ ਤੋਂ ਖੇਡਿਆ ਜਾਣਾ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਕਰਕੇ ਦੂਰਦਰਸ਼ਨ ‘ਤੇ ਇਸ ਮੈਚ ਦੇ ਪ੍ਰਸਾਰਣ ਬਾਰੇ ਜਾਣਕਾਰੀ ਦਿੱਤੀ ਹੈ। ਜਾਵਡੇਕਰ ਨੇ ਟਵੀਟ ਕੀਤਾ, “ਕ੍ਰਿਕਟ ਪ੍ਰੇਮੀਆਂ ਲਈ ਇੱਕ ਅੱਪਡੇਟ। ਹੁਣ ਤੁਸੀਂ ਡੀਡੀ ਫ੍ਰੀ ਡਿਸ਼ ਦੇ ਡੀਡੀ ਸਪੋਰਟਸ ਚੈਨਲ ‘ਤੇ ਡਬਲਯੂ ਟੀ ਸੀ ਫਾਈਨਲ ਨੂੰ ਦੇਖ ਸਕਦੇ ਹੋ।”
ਪ੍ਰਸਾਰ ਭਾਰਤੀ ਦੇ ਸੀਈਓ ਸ਼ਸ਼ੀ ਸ਼ੇਖਰ ਨੇ ਦੂਰਦਰਸ਼ਨ ‘ਤੇ ਮੈਚ ਦਾ ਪ੍ਰਸਾਰਣ ਕਰਨ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਖੇਡ ਮੰਤਰਾਲੇ ਅਤੇ ਸਟਾਰ ਸਪੋਰਟਸ ਦਾ ਧੰਨਵਾਦ ਕੀਤਾ ਹੈ।