ਮੌਜੂਦਾ ਸਮੇਂ ਵਿੱਚ ਅਕਸਰ ਹੀ ਕਰੰਟ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇੱਕ ਕਰੰਟ ਲੱਗਣ ਦੀ ਘਟਨਾ ਦੱਖਣੀ ਅਫਰੀਕਾ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਭਾਰਤੀ ਮੂਲ ਦੇ ਨੌਜਵਾਨ ਜੋੜੇ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਦੋ ਹਫ਼ਤੇ ਪਹਿਲਾਂ ਹੀ ਇਸ ਜੋੜੇ ਦਾ ਵਿਆਹ ਹੋਇਆ ਸੀ। ਜ਼ਹੀਰ ਸਾਰੰਗ ਅਤੇ ਨਬੀਲਾਹ ਖਾਨ ਦੀ ਲਾਸ਼ ਐਤਵਾਰ ਦੁਪਹਿਰ ਨੂੰ ਉਨ੍ਹਾਂ ਦੇ ਬਾਥਰੂਮ ਵਿੱਚੋਂ ਬਰਾਮਦ ਹੋਈ । ਜਿਸ ਤੋਂ ਬਾਅਦ ਸੋਮਵਾਰ ਨੂੰ ਉਹਨਾਂ ਨੂੰ ਸਪੁਰਦ-ਏ-ਖਾਕ ਕਰ ਦਿੱਤਾ ਗਿਆ ਹੈ ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪਾਣੀ ਵਾਲੀ ਟੂਟੀ ਨੂੰ ਹੱਥ ਲਗਾਉਣ ਨਾਲ ਪਹਿਲਾਂ ਪਤਨੀ ਨਬੀਲਾਹ ਖਾਨ ਨੂੰ ਕਰੰਟ ਲੱਗਿਆ। ਜਦੋਂ ਪਤੀ ਜ਼ਹੀਰ ਸਾਰੰਗ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਵੀ ਕਰੰਟ ਲੱਗਣ ਕਾਰਨ ਮੌਤ ਹੋ ਗਈ ।
ਇਸ ਸਬੰਧੀ ਪੁਲਿਸ ਦੇ ਬੁਲਾਰੇ ਕਪਤਾਨ ਮਵੇਲਾ ਮਸੋਂਦੋ ਨੇ ਦੋਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ । ਨਾਲ ਹੀ ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ‘ਤੇ ਹੀ ਮੌਤ ਦੇ ਸਹੀ ਕਾਰਨਾਂ ਬਾਰੇ ਪਤਾ ਚੱਲ ਪਾਵੇਗਾ । ਜੋਹਾਨਸਬਰਗ ਸਿਟੀ ਪਾਵਰ ਵਿੱਚ ਬਿਜਲੀ ਅਥਾਰਿਟੀ ਨੇ ਵੀ ਮਾਮਲੇ ਦੀ ਤੁਰੰਤ ਜਾਂਚ ਦੇ ਆਦੇਸ਼ ਦਿੱਤੇ ਹਨ।
ਉੱਥੇ ਹੀ ਦੂਜੇ ਪਾਸੇ ਸਿਟੀ ਪਾਵਰ ਦੇ ਬੁਲਾਰੇ ਇਸਮਾਕ ਮੈਂਗੇਨਾ ਨੇ ਕਿਹਾ ਕਿ ਸੋਮਵਾਰ ਸਵੇਰ ਤੋਂ ਦਲ ਜਾਂਚ ਵਿੱਚ ਜੁਟਿਆ ਹੋਇਆ ਹੈ ਅਤੇ ਕੁਝ ਵੀ ਠੋਸ ਪਤਾ ਚੱਲਣ ‘ਤੇ ਇਸਦੀ ਜਾਣਕਾਰੀ ਦਿੱਤੀ ਜਾਵੇਗੀ।
Comment here