ਪਿਛਲਾ ਹਫਤਾ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਵਾਲਾ ਰਿਹਾ ਹੈ। ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਹੀ ਪਾਰਟੀਆਂ ਨੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।
ਚੋਣਾਂ ਦੇ ਵਿੱਚ ਭਾਵੇ ਅਜੇ ਕਈ ਮਹੀਨੇ ਬਾਕੀ ਹਨ, ਪਰ ਪਾਰਟੀਆਂ ਵਿੱਚ ਸ਼ਾਮਿਲ ਹੋਣ ਅਤੇ ਛੱਡਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸੇ ਤਰਾਂ ਅੱਜ ਇੱਕ ਵੱਡੀ ਖਬਰ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਆ ਰਹੀ ਹੈ, ਪੰਜਾਬ ਪੁਲਿਸ ‘ਚੋਂ ਡੀਸੀਪੀ ਰਿਟਾਇਰਡ ਪੀਪੀਐਸ ਅਧਿਕਾਰੀ ਬਲਕਾਰ ਸਿੰਘ ਅੱਜ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਿਲ ਹੋ ਗਏ ਹਨ। ‘ਆਪ’ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ ਨੇ ਉਨ੍ਹਾਂ ਦਾ ਜਲੰਧਰ ਵਿੱਚ ਪਾਰਟੀ ਵਿੱਚ ਸਵਾਗਤ ਕੀਤਾ ਹੈ। ਚਰਚਾ ਹੈ ਕਿ ਬਲਕਾਰ ਸਿੰਘ ਨੂੰ ਕਰਤਾਰਪੁਰ ਜਾਂ ਆਦਮਪੁਰ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣਾਇਆ ਜਾਏਗਾ। ਬਲਕਾਰ ਸਿੰਘ ਆਪਣੀ ਨੌਕਰੀ ਦੇ ਆਖ਼ਰੀ ਦਿਨਾਂ ਵਿੱਚ ਅਤੇ ਹੁਣ ਵੀ ਕਰਤਾਰਪੁਰ ਵਿਧਾਨ ਸਭਾ ਹਲਕੇ ਵਿੱਚ ਬਹੁਤ ਸਰਗਰਮ ਹਨ।
AAP ਆਗੂ ਰਾਘਵ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੂਰੀ ਰਣਨੀਤੀ ਨਾਲ ਐਲਾਨ ਕਰੇਗੀ ਕਿ ਕਿਸ ਨੂੰ ਟਿਕਟ ਮਿਲੇਗੀ ਅਤੇ ਕੌਣ ਕਿਹੜੀ ਜ਼ਿੰਮੇਵਾਰੀ ਨਿਭਾਏਗਾ। ‘ਆਪ’ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਬਲਕਾਰ ਸਿੰਘ ਨੇ ਕਿਹਾ ਕਿ ਮੈਨੂੰ ਲੋਕਾਂ ਦੀ ਸੇਵਾ ਕਰਨ ਦਾ ਮੰਚ ਮਿਲਿਆ ਹੈ। ਮੈਂ 32 ਸਾਲਾਂ ਤੋਂ ਸੇਵਾ ਕਰ ਰਿਹਾ ਹਾਂ। ਦਿੱਲੀ ਦੇ ਸ਼ਾਸਨ ਅਤੇ ਸਿੱਖਿਆ, ਸਿਹਤ ਅਤੇ ਗਰੀਬ ਲੋਕਾਂ ਦੀ ਭਲਾਈ ਲਈ ਕੰਮ ਕਰਨ ਤੋਂ ਪ੍ਰਭਾਵਿਤ ਹੋ ਕੇ ਮੈਂ ਪਾਰਟੀ ‘ਚ ਸ਼ਾਮਿਲ ਹੋ ਰਿਹਾ ਹਾਂ। ਇਸ ਤੋਂ ਇਲਾਵਾ ਬੀਤੇ ਦਿਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਇਆ ਸੀ। ਇਸ ਮੌਕੇ ਗੁਰਲਾਲ ਘਨੌਰ ਨੇ ਕਿਹਾ ਸੀ ਕਿ ਉਹ ‘ਆਪ’ ਵਿੱਚ ਸ਼ਾਮਿਲ ਹੋ ਕੇ ਖੁਸ਼ ਹਨ। ਦੱਸ ਦੇਈਏ ਕਿ ਗੁਰਲਾਲ ਘਨੌਰ ਪੰਜਾਬ ਪੁਲਿਸ ਵਿੱਚ ਸਹਾਇਕ ਸਬ-ਇੰਸਪੈਕਟਰ ਦੇ ਅਹੁਦੇ ‘ਤੇ ਤੈਨਾਤ ਸੀ। ਪਰ ਗੁਰਲਾਲ ਨੇ ਹੁਣ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।