ਉੱਤਰ ਪ੍ਰਦੇਸ਼ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝੱਟਕਾ ਲੱਗਿਆ ਹੈ। ਦਿੱਗਜ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਜਿਤਿਨ ਪ੍ਰਸਾਦ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਵਾਈ ਹੈ।
ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਜਿਤਿਨ ਪ੍ਰਸਾਦ, ਜੋ ਕਿਸੇ ਸਮੇਂ ਰਾਹੁਲ ਗਾਂਧੀ ਦੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਸਨ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਨਾਲ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝੱਟਕਾ ਲੱਗਿਆ ਹੈ। ਇਸ ਨੂੰ ਜੋਤੀਰਾਦਿੱਤਿਆ ਸਿੰਧੀਆ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਟੀਮ ਤੋਂ ਇੱਕ ਹੋਰ ਮਹੱਤਵਪੂਰਣ ਵਿਕਟ ਡਿੱਗਿਆ ਮੰਨਿਆ ਜਾ ਸਕਦਾ ਹੈ। ਉੱਤਰ ਪ੍ਰਦੇਸ਼ ਚੋਣਾਂ ਤੋਂ ਪਹਿਲਾਂ ਇਹ ਇੱਕ ਵੱਡਾ ਰਾਜਨੀਤਿਕ ਉਲਟਫੇਰ ਵੀ ਹੈ।
ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਵੱਡੇ ਬ੍ਰਾਹਮਣ ਚਿਹਰਿਆਂ ਵਿੱਚੋਂ ਇੱਕ ਜਿਤਿਨ ਪ੍ਰਸਾਦ ਪਿਛਲੇ ਕਈ ਦਿਨਾਂ ਤੋਂ ਪਾਰਟੀ ਹਾਈ ਕਮਾਂਡ ਤੋਂ ਨਾਰਾਜ਼ ਸਨ। ਉਹ ਕਾਂਗਰਸ ਵਿੱਚ ਤਵਜੋਂ ਨਾ ਮਿਲਣ ਕਾਰਨ ਯੂਪੀ ਕਾਂਗਰਸ ਦੇ ਕੁੱਝ ਨੇਤਾਵਾਂ ਨਾਲ ਵੀ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਚੁੱਕੇ ਹਨ। ਪਾਰਟੀ ਹਾਈ ਕਮਾਂਡ ਨੇ ਜਿਤਿਨ ਪ੍ਰਸਾਦ ਦੀ ਸ਼ਿਕਾਇਤ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਇਹੀ ਕਾਰਨ ਹੈ ਕਿ ਅੱਜ ਉਹ ਭਾਜਪਾ ਵਿੱਚ ਸ਼ਾਮਿਲ ਹੋਏ ਹਨ। ਯੂਪੀ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ, ਭਾਜਪਾ ਨੇ ਆਪਣੇ ਸਾਰੇ ਰਾਜਨੀਤਿਕ ਸਮੀਕਰਣਾਂ ਨੂੰ ਠੀਕ ਕਰਨਾ ਸ਼ੁਰੂ ਕਰ ਦਿੱਤਾ ਹੈ। ਖ਼ਬਰਾਂ ਆ ਰਹੀਆਂ ਹਨ ਕਿ ਬ੍ਰਾਹਮਣਾਂ ਦਾ ਇੱਕ ਵੱਡਾ ਹਿੱਸਾ ਭਾਜਪਾ ਤੋਂ ਨਾਰਾਜ਼ ਹੈ। ਇਹ ਨਾਰਾਜ਼ਗੀ ਖ਼ਾਸਕਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਹੈ। ਅਜਿਹੀ ਸਥਿਤੀ ਵਿੱਚ, ਭਾਜਪਾ ਜਿਤਿਨ ਪ੍ਰਸਾਦ ਨੂੰ ਸ਼ਾਮਿਲ ਕਰਕੇ ਬ੍ਰਾਹਮਣਾਂ ਵਿੱਚ ਇੱਕ ਵੱਡਾ ਸੰਦੇਸ਼ ਦੇਣਾ ਚਾਹੁੰਦੀ ਹੈ।
ਜਿਤਿਨ ਪ੍ਰਸਾਦ ਕਾਂਗਰਸ ਦੇ ਦਿੱਗਜ ਨੇਤਾ ਜਿਤੇਂਦਰ ਪ੍ਰਸਾਦ ਦੇ ਪੁੱਤਰ ਹਨ। ਜਿਤੇਂਦਰ ਪ੍ਰਸਾਦ ਦੋ ਪ੍ਰਧਾਨ ਮੰਤਰੀਆਂ ਰਾਜੀਵ ਗਾਂਧੀ ਅਤੇ ਪੀਵੀ ਨਰਸਿਮਹਾ ਰਾਓ ਦੇ ਸਿਆਸੀ ਸਲਾਹਕਾਰ ਸਨ। ਸੰਨ 2000 ਵਿੱਚ ਜਿਤੇਂਦਰ ਪ੍ਰਸਾਦ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਿਰੁੱਧ ਚੋਣ ਲੜੀ ਸੀ, ਪਰ ਉਹ ਹਾਰ ਗਏ ਸਨ।