ਬੀਤੇ ਐਤਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ ਦੇ ਮੌਕੇ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਲਾਨਾ ਸ਼ਹੀਦੀ ਸਮਾਗਮ ਆਯੋਜਿਤ ਕੀਤਾ ਗਿਆ ਸੀ।
ਜੂਨ 1984 ਵਿੱਚ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫ਼ੌਜ ਦੇ ਹਮਲੇ ਨੂੰ ਆਪਰੇਸ਼ਨ ਬਲੂ ਸਟਾਰ ਕਿਹਾ ਜਾਂਦਾ ਹੈ। ਪਰ ਅੱਜ ਦਾ ਦਿਨ ਯਾਨੀ ਕੇ 9 ਜੂਨ ਇਸ ਲਈ ਮਹੱਤਵਪੂਰਨ ਹੈ ਕਿਉਂਕ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਸਿੱਖਾਂ ਦੇ ਗੁੱਸੇ ਨੂੰ ਘੱਟ ਕਰਨ ਲਈ ਇੰਦਰਾ ਗਾਂਧੀ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਸ਼ਕਤੀਸ਼ਾਲੀ ਟਰਾਂਸਮੀਟਰ ਨਾਲ ਜੋੜਨ ਵਾਲੀ ਮੰਗ ਨੂੰ ਮੰਨ ਲਿਆ ਸੀ। ਜਿਸ ਤੋਂ ਬਾਅਦ 9 ਜੂਨ ਨੂੰ ਸਵੇਰੇ ਪਹਿਲੀ ਵਾਰ ਆਕਾਸ਼ਵਾਣੀ ਜਲੰਧਰ ਤੋਂ ਕੀਰਤਨ ਸ਼ੁਰੂ ਹੋ ਗਿਆ ਸੀ ਅਤੇ ਇਸ ਦਾ ਸਮਾਂ ਸਵੇਰੇ ਸਾਢੇ ਚਾਰ ਵਜੇ ਤੋਂ ਸਾਢੇ ਪੰਜ ਵਜੇ ਤੱਕ ਸੀ। ਪਰ ਇਸ ਕੀਰਤਨ ਵਿੱਚ ਵੀ ਗੋਲੀਆਂ ਚਲਣ ਦੀ ਅਵਾਜ਼ ਸਾਫ਼ ਆ ਰਹੀ ਸੀ।
ਉਸ ਸਮੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਨਾਲ ਇਨ੍ਹਾਂ ਮੰਗਾਂ ’ਤੇ ਵਿਚਾਰ ਵੀ ਹੋਏ ਸਨ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ, ਅਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਪਾਵਨ ਬਾਣੀ ਦਾ ਸਿੱਧਾ ਪ੍ਰਸਾਰਨ ਰੇਡੀਉ ਜਾਂ ਫਿਰ ਨੈਸ਼ਨਲ ਟੈਲੀਵਿਜ਼ਨ ਤੋਂ ਕੀਤਾ ਜਾਣਾ ਚਾਹੀਦਾ ਹੈ। ਜਦਕਿ ਦਿੱਲੀ ਤੋਂ ਅੰਮ੍ਰਿਤਸਰ ਨੂੰ ਆਉਣ ਵਾਲੀ ‘‘ਫ਼ਲਾਇੰਗ ਮੇਲ’’ ਦਾ ਨਾਮ ਬਦਲ ਕੇ ਗੋਲਡਨ ਟੈਂਪਲ ਐਕਸਪ੍ਰੈਸ ਰਖਿਆ ਜਾਣਾ ਚਾਹੀਦਾ ਹੈ। ਸਾਕਾ ਨੀਲਾ ਤਾਰਾ ਤੋਂ ਪਹਿਲਾ ਸਿੱਖਾਂ ਵਲੋਂ ਰੱਖੀਆਂ ਗਈਆਂ ਕੁੱਝ ਮੰਗਾਂ ਨੂੰ ਇੰਦਰਾ ਗਾਂਧੀ ਵਲੋਂ ਵੱਡਾ ਕਰ ਕੇ ਪ੍ਰਚਾਰਿਆ ਜਾਂਦਾ ਸੀ ਅਤੇ ਆਪਰੇਸ਼ਨ ਬਲੂ ਸਟਾਰ ਤੱਕ ਇਨ੍ਹਾਂ ਲਈ ਜ਼ਿੱਦ ਵਾਲਾ ਰਵਈਆ ਵੀ ਰਖਿਆ। ਪਰ ਹਮਲੇ ਤੋਂ ਬਾਅਦ ਇੰਦਰਾ ਗਾਂਧੀ ਸਰਕਾਰ ਇਹ ਜਾਣ ਗਈ ਸੀ ਕਿ ਹੁਣ ਸਿੱਖ ਕਾਬੂ ਨਹੀ ਆਉਣਗੇ। ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਜੇਕਰ ਮੈਂ ਇਹ ਮੰਗਾਂ ਮੰਨ ਲਵਾਂ ਤਾਂ ਸ਼ਾਇਦ ਸਿੱਖ ਠੰਢੇ ਪੈ ਜਾਣਗੇ।