Site icon SMZ NEWS

ਪੰਜਾਬ ਸਰਕਾਰ ਨੇ ਅਧਿਆਪਕਾਂ ਤੋਂ ‘ਕੌਮੀ ਅਧਿਆਪਕ ਐਵਾਰਡ’ ਲਈ ਆਨਲਾਈਨ ਅਰਜ਼ੀਆਂ ਦੀ ਕੀਤੀ ਮੰਗ

ਪੰਜਾਬ ਸਰਕਾਰ ਨੇ ਰਾਸ਼ਟਰੀ ਅਧਿਆਪਕ ਐਵਾਰਡ -2021 ਲਈ ਅਧਿਆਪਕਾਂ ਤੋਂ ਆਨ ਲਾਈਨ ਅਰਜ਼ੀਆਂ ਮੰਗੀਆਂ ਹਨ। ਇਹ ਪ੍ਰਗਟਾਵਾ ਕਰਦਿਆਂ ਅੱਜ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਧਿਆਪਕਾਂ ਨੂੰ ਆਪਣੇ ਵੱਲੋਂ ਰਜਿਸਟਰੀ ਕਰਨ ਲਈ ਕਿਹਾ ਗਿਆ ਹੈ। ਸਾਰੇ ਸਕੂਲ ਪ੍ਰਿੰਸੀਪਲ / ਇੰਚਾਰਜ ਅਤੇ ਨਿਯਮਤ ਅਧਿਆਪਕ ਇਸ ਐਵਾਰਡ ਲਈ ਅਰਜ਼ੀ ਦੇ ਸਕਦੇ ਹਨ।

ਬੁਲਾਰੇ ਅਨੁਸਾਰ ਇਸ ਪੁਰਸਕਾਰ ਲਈ ਉਮੀਦਵਾਰਾਂ ਦਾ ਮੁਲਾਂਕਣ ਕਰਨ ਲਈ ਹਰੇਕ ਜ਼ਿਲ੍ਹੇ ਵਿੱਚ ਜ਼ਿਲ੍ਹਾ ਚੋਣ ਕਮੇਟੀ ਦਾ ਗਠਨ ਕੀਤਾ ਜਾਵੇਗਾ। ਜ਼ਿਲ੍ਹਾ ਚੋਣ ਕਮੇਟੀ ਤਿੰਨਾਂ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਬਣਾ ਕੇ 15 ਜੁਲਾਈ 2021 ਤੱਕ ਰਾਜ ਚੋਣ ਕਮੇਟੀ ਨੂੰ ਭੇਜੇਗੀ। ਸੈਕਟਰੀ, ਪੰਜਾਬ ਸਕੂਲ ਸਿੱਖਿਆ ਵਿਭਾਗ ਰਾਜ ਚੋਣ ਕਮੇਟੀ ਦਾ ਚੇਅਰਪਰਸਨ ਹੋਵੇਗਾ। ਉਸ ਤੋਂ ਇਲਾਵਾ ਕਮੇਟੀ ਵਿੱਚ ਕੇਂਦਰ ਸਰਕਾਰ ਦਾ ਇੱਕ ਨੁਮਾਇੰਦਾ, ਡਾਇਰੈਕਟਰ ਐਜੂਕੇਸ਼ਨ (ਮੈਂਬਰ ਸੈਕਟਰੀ), ਡਾਇਰੈਕਟਰ ਐਸਸੀਈਆਰਟੀ (ਮੈਂਬਰ) ਅਤੇ ਸਟੇਟ ਐਮਆਈਐਸ ਇੰਚਾਰਜ (ਤਕਨੀਕੀ ਸਹਾਇਕ) ਵੀ ਸ਼ਾਮਲ ਹੋਣਗੇ।

ਰਾਜ ਚੋਣ ਕਮੇਟੀ ਛੇ ਉਮੀਦਵਾਰਾਂ ਦੇ ਨਾਂ 30 ਜੁਲਾਈ 2021 ਤੱਕ ਰਾਸ਼ਟਰੀ ਜਿਊਰੀ ਨੂੰ ਭੇਜੇਗੀ। ਇਹ ਨਾਮਜ਼ਦ ਉਮੀਦਵਾਰ ਜਿਊਰੀ ਦੇ ਅੱਗੇ ਆਪਣੇ ਕੰਮ / ਪ੍ਰਾਪਤੀਆਂ ਪੇਸ਼ ਕਰਨਗੇ। ਜਿਹੜਾ ਅਧਿਆਪਕ ਵਧੇਰੇ ਅੰਕ ਪ੍ਰਾਪਤ ਕਰੇਗਾ ਉਸ ਦੀ ਚੋਣ ਰਾਸ਼ਟਰੀ ਪੁਰਸਕਾਰ ਲਈ ਕੀਤੀ ਜਾਏਗੀ। ਇਸ ਵਾਰ ਐਮਐਚਆਰਡੀ ਨੇ ਕੌਮੀ ਪੁਰਸਕਾਰ ਲਈ ਕਿਸੇ ਵੀ ਰਾਜ ਨੂੰ ਕੋਟਾ ਅਲਾਟ ਨਹੀਂ ਕੀਤਾ ਹੈ।

Exit mobile version