Site icon SMZ NEWS

ਸਤਲੁਜ ਦਰਿਆ ‘ਚ ਨਹਾਉਣ ਗਏ ਤਿੰਨ ਨੌਜਵਾਨਾਂ ਨਾਲ ਵਾਪਰਿਆ ਭਾਣਾ, ਹੋਏ ਲਾਪਤਾ

ਸਥਾਨਕ ਸ਼ਹਿਰ ਬਲਾਚੌਰ ਦੇ ਵਾਰਡ ਨੰਬਰ 4 ਦੇ ਤਿੰਨ ਨੌਜਵਾਨਾਂ ਦਾ ਦਰਿਆ ’ਚ ਨਹਾਉਂਦੇ ਸਮੇਂ ਲਾਪਤਾ ਹੋਣ ਦੀ ਦੁੱਖ ਭਰੀ ਖਬਰ ਮਿਲੀ ਹੈ, ਜਿਸ ਨਾਲ ਪੂਰੇ ਇਲਾਕੇ ਵਿੱਚ ਮਾਤਮ ਵਾਲਾ ਮਾਹੌਲ ਬਣ ਗਿਆ ਹੈ।

ਇਹ ਨੌਜਵਾਨ ਅੱਜ ਅਤਿ ਦੀ ਪੈ ਰਹੀ ਗਰਮੀ ਤੋਂ ਨਿਜਾਤ ਪਾਉਣ ਲਈ ਬਾਅਦ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਮੋਟਰਸਾਈਕਲਾਂ ਉੱਪਰ ਸਵਾਰ ਹੋ ਕੇ ਪਿੰਡ ਔਲੀਆਪੁਰ ਲਾਗੇ ਸਤਲੁਜ ਦਰਿਆ ਉੱਪਰ ਨਹਾਉਣ ਗਏ ਸਨ। ਦਰਿਆ ਦੇ ਤੇਜ਼ ਵਹਾਅ ਦੇ ਕਾਰਨ ਪਾਣੀ ਦੀ ਲਪੇਟ ’ਚ ਆਉਣ ਕਾਰਨ ਬਾਹਰ ਨਹੀਂ ਨਿਕਲ ਸਕੇ।

ਇਸ ਸੰਬੰਧੀ ਅੱਗੇ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਬਲਾਚੌਰ ਤਰਲੋਚਨ ਸਿੰਘ ਨੇ ਦੱਸਿਆ ਕਿ ਬਲਾਚੌਰ ਦੇ ਵਾਰਡ ਨੰਬਰ ਚਾਰ ਨਿਵਾਸੀ ਹਰਦੀਪ ਕੁਮਾਰ ਉਰਫ ਮਨੀ, ਸੰਦੀਪ ਉਰਫ਼ ਦੀਪੂ ਅਤੇ ਹੈਪੀ ਜਿਹੜੇ ਕਿ ਔਲੀਆਪੁਰ ਬਾਹੱਦ ਰਕਬਾ ‘ਚ ਚੱਲ ਰਹੇ ਸਤਲੁਜ ਦਰਿਆ ਵਿਚ ਨਹਾਉਣ ਸਮੇਂ ਲਾਪਤਾ ਹੋ ਗਏ ਹਨ।

ਦਰਿਆ ਕਿਨਾਰੇ ਖੜ੍ਹੇ ਮੋਟਰਸਾਈਕਲਾਂ ਉੱਪਰ ਲਾਪਤਾ ਨੌਜਵਾਨਾਂ ਦੇ ਕੱਪੜੇ ਅਤੇ ਬੂਟ ਤੇ ਚੱਪਲਾਂ ਵੀ ਬਰਾਮਦ ਹੋਏ ਹਨ। ਪੁਲਿਸ ਵੱਲੋਂ ਦਰਿਆ ਵਿਚ ਲਾਪਤਾ ਨੌਜਵਾਨਾਂ ਦੀ ਭਾਲ ਲਈ ਰੋਪੜ ਤੋਂ ਗੋਤਾਖੋਰਾਂ ਦੀ ਟੀਮ ਨੂੰ ਮੰਗਵਾਇਆ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਲਾਪਤਾ ਨੌਜਵਾਨਾਂ ਦੀ ਕੋਈ ਉੱਘ ਸੁੱਘ ਨਹੀਂ ਲੱਗੀ।

Exit mobile version