Site icon SMZ NEWS

ਕੈਲੇਫੋਰਨੀਆ ਦੇ ਸੇਨ ਜੋਸ ਸ਼ਹਿਰ ‘ਚ ਗੋਲੀਬਾਰੀ, ਇੱਕ ਪੰਜਾਬੀ ਸਣੇ 8 ਲੋਕਾਂ ਦੀ ਮੌਤ

ਅਮਰੀਕਾ ਦੇ ਕੈਲੀਫੋਰਨੀਆ ਦੇ ਸੈਨ ਜੋਸ ਸ਼ਹਿਰ ਵਿੱਚ ਬੁੱਧਵਾਰ ਨੂੰ ਇਕ ਵਿਅਕਤੀ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ । ਪੁਲਿਸ ਅਨੁਸਾਰ ਇਸ ਘਟਨਾ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ । ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ ।

ਹਮਲਾਵਰ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪੁਲਿਸ ਨੇ ਉਸ ਨੂੰ ਗੋਲੀ ਮਾਰ ਦਿੱਤੀ । ਸਿਟੀ ਮੇਅਰ ਸੈਮ ਲਿਕਾਰਡੋ ਨੇ ਇਸ ਘਟਨਾ ਨੂੰ ਸ਼ਹਿਰ ਦੇ ਇਤਿਹਾਸ ਉੱਤੇ ਕਾਲਾ ਧੱਬਾ ਕਰਾਰ  ਦਿੱਤਾ ਹੈ l

ਦਰਅਸਲ, ਸੈਂਟਾ ਕਲਾਰਾ ਸ਼ੈਰਿਫ ਦੇ ਦਫਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਾਰੇ ਗਏ ਜ਼ਿਆਦਾਤਰ ਲੋਕ ਟਰਾਂਸਪੋਰਟ ਅਥਾਰਟੀ ਦੇ ਕਰਮਚਾਰੀ ਹਨ । ਉਹ ਸਵੇਰੇ ਡਿਊਟੀ ਖਤਮ ਕਰਕੇ ਘਰ ਜਾਣ ਦੀ ਤਿਆਰੀ ਕਰ ਰਹੇ ਸਨ । ਉਨ੍ਹਾਂ ਦੀ ਜਗ੍ਹਾ ਦੂਜਾ ਸਟਾਫ ਵੀ ਆ ਚੁੱਕਿਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਸ ਇਮਾਰਤ ਦੇ ਅੰਦਰ ਕੁਝ ਵਿਸਫੋਟਕ ਵੀ ਹੋ ਸਕਦੇ ਹਨ । ਇਸ ਲਈ ਬੰਬ ਡਿਸਪੋਜ਼ਲ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਹੈ ।

San Jose Shooting

ਇੱਕ ਰਿਪੋਰਟ ਦੇ ਅਨੁਸਾਰ ਇਹ ਘਟਨਾ ਅਮਰੀਕੀ ਸਮੇਂ ਅਨੁਸਾਰ ਸਵੇਰੇ 6.15 ਵਜੇ ਵਾਪਰੀ । ਇੱਥੇ ਰੇਲ ਯਾਰਡ ਵਿੱਚ ਕੁਝ ਲੋਕ ਕੰਮ ਕਰ ਰਹੇ ਸਨ। ਅਚਾਨਕ ਇੱਕ ਵਿਅਕਤੀ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ । ਲੋਕ ਜਾਨ ਬਚਾਉਣ ਲਈ ਭੱਜੇ । ਹਾਲਾਂਕਿ, ਕੁਝ ਲੋਕ ਫਾਇਰਿੰਗ ਦੀ ਚਪੇਟ ਵਿੱਚ ਆ ਗਏ। ਇਸ ਘਟਨਾ ਤੋਂ ਬਾਅਦ ਇੱਥੇ ਲੋਕਲ ਟ੍ਰੇਨ ਸਰਵਿਸ ਮੁਅੱਤਲ ਕਰ ਦਿੱਤੀ ਗਈ । ਮੇਅਰ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ।

ਦੱਸਿਆ ਜਾ ਰਿਹਾ ਹੈ ਕਿ ਇਸ ਗੋਲੀਬਾਰੀ ਦੌਰਾਨ ਇੱਕ ਪੰਜਾਬੀ ਸਮੇਤ 8 ਜਣਿਆਂ ਦੀ ਮੌਤ ਹੋ ਗਈ ਹੈ । ਇਸ ਘਟਨਾ ਵਿੱਚ ਮਾਰੇ ਗਏ ਪੰਜਾਬੀ ਦੀ ਪਛਾਣ ਤਪਤੇਜ ਸਿੰਘ ਗਿੱਲ ਵਜੋਂ ਹੋਈ ਹੈ। ਉਹ ਅੰਮ੍ਰਿਤਸਰ ਦੇ ਗਗੜੇਵਾਲ ਦਾ ਵਸਨੀਕ ਸੀ ਤੇ ਹੁਣ ਯੂਨੀਅਨ ਸਿਟੀ ਕੈਲੀਫੋਰਨੀਆਂ ਵਿੱਚ ਰਹਿੰਦਾ ਸੀ।

Exit mobile version