ਕੋਰੋਨਾ ਦੇ ਮਾਮਲੇ ਪੰਜਾਬ ਵਿੱਚ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਕਰਕੇ ਸਾਰੇ ਜ਼ਿਲ੍ਹਿਆਂ ਵਿੱਚ ਪਾਬੰਦੀਆਂ ਲਾਉਂਦੇ ਹੋਏ ਕੁਝ ਜ਼ਰੂਰੀ ਦੁਕਾਨਾਂ ਖੋਲ੍ਹਣ ਦੀ ਹੀ ਇਜਾਜ਼ਤ ਦਿੱਤੀ ਗਈ ਸੀ, ਜਿਸ ‘ਤੇ ਲੋਕਾਂ ਵੱਲੋਂ ਵਿਰੋਧ ਕਰਨ ਕਰਕੇ ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਲਈ ਕਿਹਾ ਸੀ। ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਬਠਿੰਡਾ ਵਿੱਚ ਸਾਰੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਹ ਦੁਕਾਨਾਂ ਦੁਪਹਿਰ 2 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਵੱਲੋਂ ਜਾਰੀ ਹੁਕਮਾਂ ਮੁਤਾਬਕ ਹੁਣ ਜ਼ਿਲ੍ਹੇ ਵਿੱਚ ਬਾਅਦ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦੁਪਿਹਰ 3 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਵੀਕੈਂਡ ’ਤੇ ਕਰਫਿਊ ਲਗਾਇਆ ਜਾਵੇਗਾ। ਇਹ ਹੁਕਮ 15 ਮਈ ਤੱਕ ਜਾਰੀ ਰਹਿਣਗੀਆਂ।
ਜ਼ਿਲ੍ਹੇ ਵਿੱਚ ਦੁੱਧ, ਬ੍ਰੈ੍ੱਡ, ਕਰਿਆਨਾ, ਸਬਜ਼ੀ, ਫਲ ਦੀਆਂ ਦੁਕਾਨਾਂ ਸੋਮਵਾਰ ਤੋਂ ਮੰਗਲਵਾਰ ਤੱਕ ਸਵੇਰੇ 6 ਵਜੇ ਤੋਂ 10 ਵਜੇ ਤੱਕ ਖੁੱਲ੍ਹਣਗੀਆਂ, ਜਦਕਿ ਬਾਕੀ ਸਾਰੀਆਂ ਦੁਕਾਨਾਂ ਤੇ ਰੈਸਟੋਰੈਂਟ ਆਦਿ ਸਵੇਰੇ 10 ਵਜੇ ਤੋਂ 2 ਵਜੇ ਤੱਕ ਖੋਲ੍ਹੀਆਂ ਜਾ ਸਕਣਗੀਆਂ। ਇਸ ਤੋਂ ਇਲਾਵਾ ਹੋਲਸੇਲ ਤੇ ਪ੍ਰਚੂਨ ਵਾਲੀਆਂ ਸਾਰੀਆਂ ਮੈਡੀਕਲ ਦੀਆਂ ਦੁਕਾਨਾਂ ਤੇ ਸਰਗਰਮੀਆਂ ਅਤੇ ਪੈਟਰੋਲ ਪੰਪ ਹਫਤੇ ਦੇ 7 ਦਿਨ 24 ਘੰਟੇ ਖੁੱਲ੍ਹੇ ਰਹਿਣਗੇ। ਇਹ ਸਪੱਸ਼ਟ ਕੀਤਾ ਗਿਆ ਹੈ ਕਿ ਸਬਜ਼ੀ ਤੇ ਫਲਾਂ ਦੀਆਂ ਮੰਡੀਆਂ ਸਵੇਰੇ 10 ਵਜੇ ਤੱਕ ਬੰਦ ਕਰ ਦਿੱਤੀਆਂ ਜਾਣਗੀਆਂ ਅਤੇ ਸਬਜ਼ੀ ਤੇ ਫਲ ਵੇਚਣ ਲਈ ਰੇਹੜੀਆਂ ਕਿਸੇ ਇੱਕ ਜਗ੍ਹਾ ’ਤੇ ਨਹੀਂ ਖੜ੍ਹੀਆਂ ਕੀਤੀਆਂ ਜਾ ਸਕਦੀਆਂ ਉਹ ਦੁਪਹਿਰ 2 ਵਜੇ ਤੱਕ ਘੁੰਮ ਕੇ ਵੇਚੀਆਂ ਜਾ ਸਕਣਗੀਆਂ।
ਹੋਮ ਡਿਲਵਰੀ ਵੀ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤੀ ਜਾ ਸਕੇਗੀ। ਬਠਿੰਡਾ ਜ਼ਿਲ੍ਹੇ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਮੁਤਾਬਕ 72 ਘੰਟੇ ਤੱਕ ਦੀ ਨੈਗੇਟਿਵ ਕੋਰੋਨਾ ਰਿਪੋਰਟ ਜਾਂ ਦੋ ਹਫਤਿਆਂ ਪੁਰਾਣੇ ਵੈਕਸੀਨੇਸ਼ਨ ਸਰਟੀਫਿਕੇਟ ਨਾਲ ਹੀ ਜ਼ਿਲ੍ਹੇ ਵਿੱਚ ਹਵਾਈ ਸਫਰ, ਰੇਲਵੇ ਜਾਂ ਸੜਕੀ ਸਫਰ ਰਾਹੀਂ ਐਂਟਰੀ ਮਿਲੇਗੀ।
Comment here